ਅਜੋਕੀ ਭਜਦੋੜ ਵਾਲੀ ਜ਼ਿੰਦਗੀ ‘ਚ ਮਨੁੱੱਖ ਹੋ ਰਿਹੈ ਭਿਆਨਕ ਬਿਮਾਰੀਆਂ ਦਾ ਸ਼ਿਕਾਰ: ਡਾ ਹਰਪ੍ਰਤਾਪ ਸਿੰਘ

232
Start Ad

ਫਿਰੋਜ਼ਪੁਰ, 15 ਮਾਰਚ । ਦਿਮਾਗੀ ਪ੍ਰੇਸ਼ਾਨੀਆਂ ਵਿਚ ਲਿਪਤ ਆਮ ਲੋਕਾਂ ਤੇ ਇਲਾਕੇ ਵਿਚੋਂ ਨਸ਼ਿਆਂ ਦੇ ਖਾਤਮੇ ਦੇ ਉਦੇਸ਼ ਨਾਲ ਕਮਿਊਨਿਟੀ ਹੈਲਥ ਸੈਂਟਰ ਮਮਦੋਟ ਵਿਖੇ ਡਾ. ਹਰਪ੍ਰਤਾਪ ਸਿੰਘ ਸੀਨੀਅਰ ਮੈਡੀਕਲ ਅਫਸਰ ਦੀ ਅਗਵਾਈ ‘ਚ ਇਕ ਰੋਜ਼ਾ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਵਿਚ ਡਾ. ਲਵੀ ਧਵਨ ਐੱਮਡੀ ਸਾਇਕੈਟਰਿਸਟ ਵੱਲੋਂ ਪਹੁੰਚ ਕੇ ਮਰੀਜ਼ਾਂ ਦਾ ਚੈੱਕਅੱਪ ਕੀਤਾ ਗਿਆ।

ਮੈਡੀਕਲ ਕੈਂਪ ਦਾ ਆਗਾਜ਼ ਡਾ. ਹਰਪ੍ਰਤਾਪ ਸਿੰਘ ਸੀਨੀਅਰ ਮੈਡੀਕਲ ਅਫਸਰ ਨੇ ਕਰਦਿਆਂ ਜਿਥੇ ਹਸਪਤਾਲ ਵਿਚ ਆਏ ਮਰੀਜ਼ਾਂ ਨੂੰ ਤੰਦਰੁਸਤ ਰਹਿਣ ਲਈ ਤਣਾਓ ਮੁਕਤ ਜ਼ਿੰਦਗੀ ਕਰਨ ਦਾ ਸੁਝਾਓ ਦਿੱਤਾ, ਉਥੇ ਮਾਹਿਰ ਡਾਕਟਰ ਲਵੀ ਧਵਨ ਵੱਲੋਂ ਮਰੀਜ਼ਾਂ ਦਾ ਚੈਕਅਪ ਕਰਦਿਆਂ ਬਿਮਾਰੀਆਂ ਦੇ ਖਾਤਮੇ ਲਈ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਡਾਕਟਰ ਲਵੀ ਧਵਨ ਨੇ ਕਿਹਾ ਕਿ ਸ਼ੌਂਕ-ਸ਼ੌਂਕ ਵਿਚ ਲੱਗੀ ਨਸ਼ੇ ਦੀ ਆਦਤ ਕਦੋਂ ਮਜ਼ਬੂਰੀ ਬਣ ਜਾਂਦੀ ਹੈ, ਮਨੁੱਖ ਨੂੰ ਪਤਾ ਨਹੀਂ ਲੱਗਦਾ ਅਤੇ ਫਿਰ ਮਨੁੱਖ ਇਸ ਨੂੰ ਛੱਡਣ ਦੇ ਯਤਨ ਕਰਦਾ ਹੈ, ਪਰ ਅਸਫਲ ਰਹਿਣ ਕਰਕੇ ਪਤਿਤ ਦੀ ਜ਼ਿੰਦਗੀ ਵਿਚ ਜਾ ਅਪੜਦਾ ਹੈ। ਉਨਾਂ ਕਿਹਾ ਕਿ ਨਸ਼ੇ ਛੱਡਣਾ ਕੋਈ ਔਖਾ ਕਾਰਜ ਨਹੀਂ ਅਤੇ ਜੇਕਰ ਮਨੁੱਖ ਚਾਹੇ ਤਾਂ ਜਦੋਂ-ਮਰਜ਼ੀ, ਕਿਸੇ ਵੀ ਸਟੇਜ ‘ਤੇ ਪਹੁੰਚ ਕੇ ਨਸ਼ੇ ਦਾ ਤਿਆਗ ਕਰ ਸਕਦਾ ਹੈ।

ਅਜੋਕੇ ਦੌਰ ਵਿਚ ਵੱਧ ਰਹੀ ਸਟਰੈਸ ਦੀ ਗੱਲ ਕਰਦਿਆਂ ਡਾਕਟਰ ਲਵੀ ਧਵਨ ਨੇ ਕਿਹਾ ਕਿ ਅੱਜ-ਕੱਲ ਭਜਦੌੜ ਵਾਲੀ ਜ਼ਿੰਦਗੀ ਵਿਚ ਮਨੁੱਖ ਕਿਸੇ ਨਾ ਕਿਸੇ ਕਾਰਣ ਪ੍ਰੇਸ਼ਾਨੀ ਵਿਚ ਘਿਰਿਆ ਰਹਿੰਦਾ ਹੈ, ਜਿਸ ਕਰਕੇ ਦਿਮਾਗੀ ਸੰਤੁਲਨ ਵਿਗੜਣਾ ਸਭਾਵਿਕ ਬਣਿਆ ਰਹਿੰਦਾ ਹੈ। ਉਨਾਂ ਕਿਹਾ ਕਿ ਦਿਮਾਗੀ ਸੰਤੁਲਨ ਵਿਗੜਣ ਦਾ ਹੀ ਕਾਰਨ ਹੈ ਕਿ ਮਨੁੱਖ ਦਾ ਇਕ ਦਮ ਬੀਪੀ ਵੱਧ ਜਾਣਾ ਜਾਂ ਕੋਈ ਅਜਿਹੀ ਗੱਲ ਦਿਮਾਗ ਵਿਚ ਘਰ ਕਰ ਜਾਣੀ, ਜਿਸ ਦਾ ਇਲਾਜ ਮਾਹਿਰ ਡਾਕਟਰ ਵੱਲੋਂ ਹੀ ਕੀਤਾ ਜਾ ਸਕਦਾ ਹੈ। ਮਰੀਜ਼ਾਂ ਤੇ ਆਮ ਲੋਕਾਂ ਨਾਲ ਵਿਚਾਰ ਸਾਂਝੇ ਕਰਦਿਆਂ ਡਾ. ਲਵੀ ਧਵਨ ਨੇ ਕਿਹਾ ਕਿ ਤੰਦਰੁਸਤ ਸਰੀਰ ਦੀ ਪ੍ਰਾਪਤੀ ਲਈ ਮਨੁੱੱਖ ਨੂੰ ਕੁਝ ਸਮਾਂ ਸਾਰੇ ਕੰਮ ਭੁਲਾ ਕੇ ਆਪਣੀ ਸਿਹਤ ਵੱਲ ਦੇਣਾ ਚਾਹੀਦਾ ਹੈ ਅਤੇ ਕਿਸੇ ਵੀ ਗੱਲ ‘ਤੇ ਰਿਐਕਸ਼ਨ ਦੇਣ ਤੋਂ ਪਹਿਲਾਂ ਉਸ ਨੂੰ ਚੰਗੀ ਤਰ੍ਹਾਂ ਵਾਚ ਲੈਣਾ ਚਾਹੀਦਾ ਹੈ। ਉਹਨਾਂ ਦੱਸਿਆ ਕਿ  ਸਰਕਾਰੀ ਹਸਪਤਾਲਾਂ ਵਿਚ ਆਉਂਦੇ ਮਰੀਜ਼ਾਂ ਨੂੰ ਮਾਹਿਰ ਡਾਕਟਰਾਂ ਵੱਲੋਂ ਆਧੁਨਿਕ ਮਸ਼ੀਨਾਂ ਨਾਲ ਚੈਕਅਪ ਕਰਕੇ ਮੁਫਤ ਦਵਾਈਆਂ ਦਿੱਤੀਆਂ ਜਾਂਦੀਆਂ ਹਨ।

ਇਸ ਮੌਕੇ ਏਐੱਨਐੱਮ, ਆਸ਼ਾ ਵਰਕਰ, ਸਿਹਤ ਵਿਭਾਗ ਦਾ ਸਟਾਫ ਤੇ ਇਲਾਕਾ ਨਿਵਾਸੀ ਵੀ ਹਾਜ਼ਰ ਸਨ।

End Ad