‘ਆਪਣੀ ਮੰਡੀ’ ਕਿਸਾਨ ਅਤੇ ਖਪਤਕਾਰ ਦੋਵਾਂ ਲਈ ਲਾਹੇਵੰਦ-ਅਵਤਾਰ ਸਿੰਘ ਭੁੱਲਰ

410
Start Ad

ਕਪੂਰਥਲਾ, 6 ਫਰਵਰੀ : ਕਪੂਰਥਲਾ ਵਿਚ ਸ਼ੁਰੂ ਕੀਤੀ ਗਈ ‘ਆਪਣੀ ਮੰਡੀ’ ਕਿਸਾਨ ਅਤੇ ਖਪਤਕਾਰ ਦੋਵਾਂ ਲਈ ਬੇਹੱਦ ਲਾਹੇਵੰਦ ਸਿੱਧ ਹੋ ਰਹੀ ਹੈ। ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਅਵਤਾਰ ਸਿੰਘ ਭੁੱਲਰ ਨੇ ਅੱਜ ਐਬਰੋਲ ਪਟਾਕਾ ਮਾਰਕੀਟ ਵਿਖੇ ਲੱਗੀ ‘ਆਪਣੀ ਮੰਡੀ’ ਦਾ ਜਾਇਜ਼ਾ ਲੈਣ ਦੌਰਾਨ ਗੱਲਬਾਤ ਕਰਦਿਆਂ ਕੀਤਾ। ਉਨਾਂ ਕਿਹਾ ਕਿ ਡਿਪਟੀ ਕਮਿਸ਼ਨਰ ਸ੍ਰੀ ਮੁਹੰਮਦ ਤਇਅਬ ਵੱਲੋਂ ਕਿਸਾਨਾਂ ਅਤੇ ਖਪਤਕਾਰਾਂ ਦਰਮਿਆਨ ਵਿਚੋਲਿਆਂ ਨੂੰ ਦਰਕਿਨਾਰ ਕਰਕੇ ਸਿੱਧੇ ਮੰਡੀਕਰਨ ਦੇ ਸਿਧਾਂਤ ਅਨੁਸਾਰ ਸ਼ੁਰੂ ਕੀਤੀ ਗਈ ਇਹ ‘ਆਪਣੀ ਮੰਡੀ’ ਇਕ ਸ਼ਲਾਘਾਯੋਗ ਉਪਰਾਲਾ ਹੈ। ਉਨਾਂ ਦੱਸਿਆ ਕਿ ਕਪੂਰਥਲਾ ਵਾਸੀਆਂ ਵਿਚ ਇਸ ਮੰਡੀ ਪ੍ਰਤੀ ਭਾਰੀ ਉਤਸ਼ਾਹ ਵੇਖਿਆ ਜਾ ਰਿਹਾ ਹੈ, ਕਿਉਂਕਿ ਇਸ ਨਾਲ ਉਨਾਂ ਨੂੰ ਵਧੀਆ ਕੁਆਲਿਟੀ ਦੀਆਂ ਸਬਜ਼ੀਆਂ, ਫਲ਼, ਗੁੜ, ਸ਼ੱਕਰ, ਸ਼ਹਿਦ ਅਤੇ ਹੋਰ ਵਸਤਾਂ ਸਸਤੇ ਭਾਅ ‘ਤੇ ਮਿਲ ਰਹੀਆਂ ਹਨ। ਇਸੇ ਤਰਾਂ ਸਿੱਧੇ ਤੌਰ ‘ਤੇ ਖਪਤਕਾਰਾਂ ਨਾਲ ਰਾਬਤਾ ਹੋਣ ਕਾਰਨ ਕਿਸਾਨਾਂ ਨੂੰ ਵੀ ਆਪਣੀ ਜਿਣਸ ਦਾ ਵਧੀਆ ਮੁੱਲ ਮਿਲ ਰਿਹਾ ਹੈ। ਉਨਾਂ ਦੱਸਿਆ ਕਿ ਸ਼ਹਿਰ ਵਾਸੀਆਂ ਦੀ ਮੰਗ ਨੂੰ ਦੇਖਦਿਆਂ ਇਹ ਮੰਡੀ ਹਫ਼ਤੇ ਵਿਚ ਦੋ ਵਾਰ ਮੰਗਲਵਾਰ ਅਤੇ ਸ਼ੁੱਕਰਵਾਰ ਕ੍ਰਮਵਾਰ ਐਬਰੋਲ ਪਟਾਕਾ ਮਾਰਕੀਟ ਅਤੇ ਸਿਟੀ ਹਾਲ, ਮਾਡਲ ਟਾਊਨ ਵਿਖੇ ਲਗਾਈ ਜਾ ਰਹੀ ਹੈ। ਉਨਾਂ ਦੱਸਿਆ ਕਿ 9 ਫਰਵਰੀ ਦਿਨ ਸ਼ੁੱਕਰਵਾਰ ਨੂੰ ਇਹ ਮੰਡੀ ਸਿਟੀ ਹਾਲ, ਮਾਡਲ ਟਾਊਨ ਵਿਖੇ ਲੱਗੇਗੀ। ਇਸ ਦੌਰਾਨ ਸ. ਭੁੱਲਰ ਅਤੇ ਉਨਾਂ ਦੇ ਨਾਲ ਆਏ ਅਧਿਕਾਰੀਆਂ ਨੇ ਵੀ ਮੰਡੀ ਵਿਚੋਂ ਖ਼ਰੀਦਦਾਰੀ ਕੀਤੀ। ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਡਾ. ਰਵੇਲ ਸਿੰਘ, ਖੇਤੀਬਾੜੀ ਅਫ਼ਸਰ ਸੁਲਤਾਨਪੁਰ ਲੋਧੀ ਸ. ਜਸਬੀਰ ਸਿੰਘ ਖਿੰਡਾ, ਸ. ਰੇਸ਼ਮ ਸਿੰਘ ਧੰਜੂ, ਖੇਤੀਬਾੜੀ ਵਿਕਾਸ ਅਫ਼ਸਰ ਸ. ਬਲਕਾਰ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

End Ad