ਕਣਕ ਦੀ ਫਸਲ ਦਾ ਪੀਲਾਪਣ ਕਾਰਨ ਅਤੇ ਇਲਾਜ – ਡਾ ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ

298
Start Ad

ਪਠਾਨਕੋਟ 29 ਦਸੰਬਰ।ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਬੱਦਲਵਾਈ ਅਤੇ ਧੁੰਦ ਕਾਰਨ ਜਿਥੇ ਕਣਕ ਦੀ ਫਸਲ ਨੂੰ ਫਾਇਦਾ ਹੋਇਆ ਹੈ,ਉਥੇ ਕਿਸਾਨਾਂ ਨੂੰ ਕੁਝ ਪ੍ਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ।ਬੱਦਲਵਾਈ ਅਤੇ ਧੁੰਦ ਰਹਿਣ ਕਾਰਨ ਕਣਕ ਦੀ ਫਸਲ ਦੇ ਪੌਦਿਆਂ ਦੀਆਂ ਉਪਰਲੀਆਂ ਨੋਕਾਂ ਪੀਲੀਆਂ ਪੈਣ ਕਾਰਨ ਕਿਸਾਨਾਂ ਦੀਆਂ ਬਹੁਤ ਸ਼ਿਕਾਇਤਾਂ ਆ ਰਹੀਆਂ ਹਨ।ਕੁਝ ਕਿਸਾਨ ਤਾਂ ਆਢੀਆਂ ਗੁਆਂਢੀਆਂ ਜਾਂ ਡੀਲਰਾਂ ਦੇ ਕਹਿਣ ਤੇ ਸਲਫਰ,ਜ਼ਿੰਕ ਆਦਿ ਪਾ ਕੇ ਪੀਲਾਪਣ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਕਣਕ ਦੀ ਫਸਲ ਦਾ ਪੀਲਾਪਣ ਦੂਰ ਨਹੀਂ ਹੋ ਰਿਹਾ ਜਿਸ ਕਾਰਨ ਕਿਸਾਨਾਂ ਅੰਦਰ ਬੇਚੈਨੀ ਵਧਣੀ ਸੁਭਾਵਕ ਹੋ ਜਾਂਦੀ ਹੈ।ਸ਼ੋਸ਼ਲ ਮੀਡੀ ਦਾ ਪ੍ਰਚਲਣ ਵਧਣ ਕਾਰਨ ਨੌਜਵਾਨ ਕਿਸਾਨ ਖੇਤੀ ਮਾਹਿਰਾਂ ਤੋਂ ਪੁੱਛਣ ਦੀ ਬਿਜਾਏ, ਫੇਸਬੁੱਕ ਤੇ ਸੁਆਲ ਪੁੱਛਦੇ ਹਨ ਜਿਸ ਦੇ ਜਵਾਬ ਵਿੱਚ ਬਹੁਤ ਸਾਰੇ ਨੌਜਵਾਨਾਂ ਵੱਲੋਂ ਜਵਾਬ ਇਸ ਤਰਾਂ ਦਿੱਤੇ ਜਾਂਦੇ ਹਨ ਕਿ ਜਿਵੇਂ ਕਿਸੇ ਮਰੀਜ ਦਾ ਪਤਾ ਲੈਣ ਉਸ ਦੇ ਘਰ ਜਾਂਦੇ ਹਨ ਹਰੇਕ ਆਦਮੀ ਆਪੋ ਆਪਣੇ ਤਜ਼ਰਬੇ ਸਾਂਝਾ ਕਰਦਾ ਹੈ ਜਿਸ ਨਾਲ ਮਰੀਜ਼ ਜਾਂ ਉਨਾਂ ਦੇ ਘਰ ਵਾਲਿਆ ਨੂੰ ਕਈ ਵਾਰ ਇਹ ਸਮਝ ਨਹੀਂ ਆਉਂਦੀ ਕਿ ਕਿਸ ਦੀ ਗੱਲ ਮੰਨੀਏ ਕਿਸ ਦੀ ਨਾਂ।ਮਰੀਜ਼ ਲਈ ਬਿਹਤਰ ਇਹੀ ਹੁੰਦਾ ਹੈ ਕਿ ਰੋਗ ਦੇ ਮਾਹਿਰ ਡਾਕਟਰ ਵੱਲੋਂ ਦੱਸੇ ਇਲਾਜ ਅਨੁਸਾਰ ਦਵਾਈ ਲਵੇ। ਫਸਲਾਂ ਵਿੱਚ ਵੀ ਇਸੇ ਤਰਾਂ ਹੀ ਹੈ ਕਿ ਸੁਆਲ ਦੇ ਜਵਾਬ ਇੰਨੇ ਆ ਜਾਂਦੇ ਹਨ ਕਿ ਸੁਆਲ ਪੁੱਛਣ ਵਾਲੇ ਨੂੰ ਇਹ ਨਹੀਂ ਪਤਾ ਲੱਗਦਾ ਕਿ ਹੁਣ ਕਿਹੜੀ ਦਵਾਈ ਦੀ ਵਰਤੋਂ ਕਰੇ।ਇਸ ਲਈ ਪੀਲਾਪਣ ਦੂਰ ਕਰਨ ਲਈ ਢੁਕਵਾਂ ਇਲਾਜ ਨਾਂ ਹੋਣ ਕਾਰਨ ਜਿਥੇ ਖੇਤੀ ਲਾਗਤ ਖਰਚੇ ਵਧਦੇ ਹਨ,ਉਥੇ ਫਸਲ ਦੀ ਪੈਦਾਵਾਰ ਤੇ ਮਾੜਾ ਅਸਰ ਪੈਂਦਾ ਹੈ।ਇਸ ਲਈ ਕਣਕ ਦੀ ਫਸਲ ਦੇ ਪੀਲੇਪਣ ਦਾ ਸਹੀ ਕਾਰਨ ਲੱਭ ਕੇ ਸਹੀ ਇਲਾਜ ਕਰਨਾ ਬਹੁਤ ਜ਼ਰੂਰੀ ਹੈ।

ਵੱਧ ਪਾਣੀ ਲੱਗਣ, ਲਗਾਤਾਰ ਬੱਦਲਵਾਈ ਅਤੇ ਧੁੰਦ ਰਹਿਣ ਕਾਰਨ ਪੀਲਾਪਣ:

ਕਣਕ ਦੇ ਖੇਤਾਂ ਵਿੱਚ ਕਿਸਾਨਾਂ ਵੱਲੋਂ ਕਿਆਰੇ ਨਾਂ ਮਾਤਰਾ ਵਿੱਚ ਪਾਏ ਜਾਂਦੇ ਅਤੇ ਕਈ ਵਾਰ ਤਾਂ ਪ੍ਰਤੀ ਏਕੜ ਇੱਕ ਦੋ ਕਿਆਰੇ ਪਾਏ ਜਾਂਦੇ ਹਨ ।ਬਿਜਲੀ ਦੀ ਸਪਲਾਈ ਵੀ ਕਈ ਵਾਰ ਰਾਤ ਨੂੰ ਆਉਦੀ ਹੈ,ਜਿਸ ਕਾਰਨ ਪਾਣੀ ਖੁੱਲਾ ਲੱਗ ਜਾਦਾ ਹੈ।ਇਸ ਤੋਂ ਇਲਾਵਾ ਕਿਆਰੇ ਘੱਟ ਪੈਣ ਕਾਰਨ ਪਹਿਲਾ ਪਾਣੀ ਭਾਰੀ ਲੱਗ ਜਾਂਦਾ ਹੈ ਅਤੇ ਖੇਤ ਵੱਤਰ ਦੇਰ ਨਾਲ ਆਉਂਦਾ ਹੈ,ਖਾਸ ਕਰਕੇ ਭਾਰੀ ਜ਼ਮੀਨਾਂ ਵਿੱਚ ਤਾਂ ਇਹ ਸਮੱਸਿਆ ਹੋਰ ਵੀ ਵੱਧ ਜਾਂਦੀ ਹੈ।ਭਾਰੀ ਪਾਣੀ ਲੱਗਣ ਕਾਰਨ ਕਣਕ ਦੀ ਫਸਲ ਦੇ ਪੌਦਿਆਂ ਦੀ ਜੜ੍ਹ ਖੇਤਰ ਵਿਚਲੇ ਮਿੱਟੀ ਦੇ ਮੁਸਾਮ ਪਾਣੀ ਨਾਲ ਭਰ ਜਾਂਦੇ ਹਨ ਅਤੇ ਫਸਲ ਦੀਆਂ ਜੜ੍ਹਾਂ ਨੂੰ ਆਕਸੀਜਨ ਘੱਟ ਮਿਲਦੀ ਹੈ,ਨਤੀਜੇ ਵੱਜੋਂ ਜੜਾਂ ਘੱਟ ਕੰਮ ਕਰਦੀਆ ਹਨ ਜਿਸ ਨਾਲ ਫਸਲ ਦੇ ਮੁਢਲੇ ਵਾਧੇ ਤੇ ਮਾੜਾ ਪ੍ਰਭਾਵ ਪੈਂਦਾ ਹੈ ਅਤੇ ਫਸਲ ਬਹਿ ਜਾਂਦੀ ਹੈ।ਕਣਕ ਦੀ ਫਸਲ ਦਾ ਇਹ ਪੀਲਾਪਣ ਮੌਸਮ ਸਾਫ ਹੋਣ ਅਤੇ ਖੇਤ ਵੱਤਰ ਆਉਣ ਬਾਅਦ ਆਪਣੇ ਆਪ ਠੀਕ ਹੋ ਜਾਂਦੇ ਹਨ,ਇਸ ਲਈ ਕਿਸਾਨਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ।ਜੇਕਰ ਬਰਸਾਤ ਨਾਲ ਪਾਣੀ ਜ਼ਿਆਦਾ ਦੇਰ ਖੜਾ ਰਵੇ ਤਾਂ ਪਾਣੀ ਨੂੰ ਜਲਦੀ ਤੋਂ ਜਲਦੀ ਬਾਹਰ ਕੱਢ ਦਿਉ।ਵੱਤਰ ਆਉਣ ਤੇ ਯਰੀਆ ਦਾ ਛੱਟਾ ਦੇ ਦੇਣਾ ਚਾਹੀਦਾ।

ਮੈਂਗਨੀਜ਼ ਦੀ ਘਾਟ:

ਹਲਕੀਆਂ ਜ਼ਮੀਨਾਂ ਵਿੱਚ ਜਿਥੇ ਲਗਾਤਾਰ ਝੋਨੇ ਦੀ ਫਸਲ ਲਈ ਜਾ ਰਹੀ ਹੋਵੇ ਊਥੇ ਕਾਸਤ ਕੀਤੀ ਕਣਕ ਦੀ ਫਸਲ ਵਿੱਚ ਮੈਂਗਨੀਜ਼ ਘਾਟ ਕਾਰਨ ਵੀ ਪੀਲਾਪਣ ਆ ਜਾਂਦਾ ਹੈ।ਪਹਿਲੇ ਪਾਣੀ ਤੋਂ ਬਾਅਦ ਮੈਂਗਨੀਜ਼ ਦੀ ਘਾਟ ਵਾਲੀ ਫਸਲ ਦੇ ਪੱਤਿਆਂ ਦੀਆਂ ਨਾੜੀਆਂ ਦੇ ਵਿਚਕਾਰਲੇ ਹਿੱਸੇ ਤੇ ਹਲਕੇ ਪੀਲੇ ਸਲੇਟੀ ਰੰਗ ਤੋਂ ਗੁਲਾਬੀ ਰੰਗ ਦੇ ਚਟਾਖ ਪੈ ਜਾਂਦੇ ਹਨ।ਮੈਂਗਨੀਜ਼ ਦੀ ਘਾਟ ਕਾਰਨ ਪੀਲੇਪਣ ਨੂੰ ਦੂਰ ਕਰਨ ਲਈ ਇੱਕ ਕਿਲੋ ਮੈਂਗਨੀਜ਼ ਸਲਫੇਟ ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰਨ ਉਪਰੰਤ ਪਾਣੀ ਲਾ ਦਿਉ।ਮਿੱਟੀ ਪਰਖ ਕਰਵਾਉ।ਜਿੰਨਾਂ ਖੇਤਾਂ ਵਿੱਚ ਇਹ ਸਮੱਸਿਆ ਹਰ ਸਾਲ ਆਉਂਦੀ ਹੋਵੇ ਉਥੇ ਪਹਿਲਾ ਪਾਣੀ ਲਾਉਣ ਤੋਂ ਪਹਿਲਾਂ ਮੈਂਗਨੀਜ਼ ਸਲਫੇਟ ਦੀ ਛਿੜਕਾਅ ਕਰੋ ਤੇ 2-3 ਦਿਨ ਬਾਅਦ ਪਾਣੀ ਲਾਉਣਾ ਚਾਹੀਦਾ।ਇਸ ਤੋਂ ਬਾਅਦ ਹਫਤੇ-ਹਫਤੇ ਦੇ ਵਕਫੇ ਤੇ ਧੁੱਪ ਵਾਲੇ ਦਿਨ ਤਿੰਨ-ਚਾਰ ਛਿੜਕਾਅ ਕਰ ਦੇਣੇ ਚਾਹੀਦੇ ਹਨ।ਮੈਂਗਨੀਜ਼ ਸਲਫੇਟ ਦਾ ਸਿਰਫ ਛਿੜਕਾਅ ਹੀ ਕਰੋ ਅਤੇ ਇਸ ਨੂੰ ਜ਼ਮੀਨ ਵਿੱਚ ਨਾਂ ਪਾਉ।ਹਰੀ ਖਾਦ ਅਤੇ ਦੇਸੀ ਰੂੜੀ ਦੀ ਵਰਤੋਂ ਕਰੋ।ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਤੋਂ ਬਗੈਰ ਹੀ ਕਣਕ ਦੀ ਬਿਜਾਈ ਕਰੋ।

ਗੰਧਕ ਦੀ ਘਾਟ : ਜੇਕਰ ਕਣਕ ਦੀ ਕਾਸ਼ਤ ਰੇਤਲੀਆਂ ਜ਼ਮੀਨਾਂ ਵਿੱਚ ਕੀਤੀ ਜਾਵੇ ਤਾਂ ਉਸ ਤੇ ਗੰਧਕ ਦੀ ਘਾਟ ਆ ਜਾਦੀ ਹੈ । ਜਦੋਂ ਕਣਕ ਦੇ ਵਾਧੇ ਦੇ ਮੁਢਲੇ ਸਮੇਂ ਸਰਦੀਆਂ ਦੀ ਵਰਖ਼ਾ ਲੰਮੇ ਸਮੇਂ ਤੱਕ ਜਾਰੀ ਰਹੇ ਤਾਂ ਇਹ ਘਾਟ ਹੋਰ ਵੀ ਵੱਧ ਹੁੰਦੀ ਹੈ । ਇਸ ਦੀ ਘਾਟ ਦੀਆਂ ਨਿਸ਼ਾਨੀਆਂ ਵਿੱਚ ਨਵੇਂ ਪੱਤਿਆਂ ਦਾ ਰੰਗ ਪੀਲਾ ਪੈ ਜਾਂਦਾ ਹੈ । ਬੂਟੇ ਦੀ ਚੋਟੀ ਦੇ ਪੱਤਿਆਂ ਦਾ ਰੰਗ ਨੋਕ ਨੂੰ ਛੱਡ ਕੇ ਹਲਕਾ ਪੀਲਾ ਪੈ ਜਾਂਦਾ ਹੈ ਜਦ ਕਿ ਹੇਠਲੇ ਪੱਤੇ ਲੰਮੇ ਸਮੇਂ ਤੱਕ ਹਰੇ ਹੀ ਰਹਿੰਦੇ ਹਨ । ਗੰਧਕ ਦੀ ਘਾਟ ਜਾਪੇ ਤਾਂ ਖੜੀ ਫ਼ਸਲ ਵਿੱਚ 100 ਕਿਲੋ ਜਿਪਸਮ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉ। ਗੰਧਕ ਦੀ ਘਾਟ ਦੀ ਪੂਰਤੀ ਲਈ ਜਿਪਸਮ ਸਸਤਾ ਅਤੇ ਉਤੱਮ ਸਰੋਤ ਹੈ । ਇਹ ਖਿਆਲ ਰਖੋ ਕਿ ਜਿਪਸਮ ਤ੍ਰੇਲ ਉਤਰਣ ਤੋਂ ਬਾਅਦ ਹੀ ਪਾਉਣੀ ਚਾਹੀਦੀ ਹੈ ਕੁਂਕਿ ਤ੍ਰੇਲ ਕਾਰਣ ਜਿਪਸਮ ਦੇ ਕਣ ਪੱਤਿਆਂ ਦੇ ਉਪਰ ਚਿੰਬੜ ਜਾਂਦੇ ਹਨ ਅਤੇ ਇਸ ਨਾਲ ਪੱਤੇ ਸੜਨ ਨਾਲ ਫਸਲ ਦਾ ਨੁਕਸਾਨ ਹੋ ਸਕਦਾ ਹੈ।

ਪੀਲੀ ਕੁੰਗੀ:

ਪੀਲੀ ਕੁੰਗੀ ਦੇ ਪ੍ਰਭਾਵ ਕਾਰਨ ਵੀ ਫਸਲ ਪੀਲੀ ਨਜ਼ਰ ਆਉਂਦੀ ਹੈ।ਪੀਲੀ ਕੁੰਗੀ ਸਭ ਤੋਂ ਪਹਿਲਾਂ ਹੇਠਲੇ ਪੱਤਿਆਂ ਉੱਪਰ ਆਉਂਦੀ ਹੈ ਜੋ ਪੀਲੇ ਰੰਗ ਦੇ ਪਾਊਡਰੀ ਲੰਮੀਆਂ ਧਾਰੀਆਂ ਦੇ ਰੂਪ ਵਿੱਚ ਧੱਬਿਆਂ ਦੇ ਰੂਪ ਵਿੱਚ ਦਿਖਾਈ ਦਿੰਦੀ ਹੈ,ਜੇਕਰ ਪ੍ਰਭਾਵਤ ਪੱਤੇ ਨੂੰ ਦੋ ਉੰਗਲਾਂ ਵਿੱਚ ਫੜਿਆ ਜਾਵੇ ਤਾਂ ਉੰਗਲਾਂ ਤੇ ਪੀਲਾ ਪਾਊਡਰ ਲੱਗ ਜਾਂਦਾ ਹੈ।ਇਹੀ ਇੱਕ ਅਜਿਹੀ ਨਿਸ਼ਾਨੀ ਹੈ ਜੋ ਕਣਕ ਦੀ ਪੀਲੀ ਕੁੰਗੀ ਕਾਰਨ ਪੀਲੇਪਣ ਨੂੰ ਉਪੱਰ ਦੱਸੇ ਕਾਰਨਾਂ ਕਰਕੇ ਪੀਲੇਪਣ ਤੋਂ ਵੱਖ ਕਰਦੀ ਹੈ ।ਜਦੋਂ ਪੀਲੀ ਕੁੰਗੀ ਬਿਮਾਰੀ ਵਧ ਜਾਂਦੀ ਹੈ ਤਾਂ ਬਿਮਾਰੀ ਸਿੱਟਿਆਂ ਤੇ ਵੀ ਦਿਖਾਈ ਦਿੰਦੀ ਹੈ ਜਿਸ ਨਾਲ ਦਾਣੇ ਪਤਲੇ ਪੈ ਜਾਂਦੇ ਹਨ ਅਤੇ ਝਾੜ ਬਹੁਤ ਘੱਟ ਜਾਂਦਾ ਹੈ।ਪੀਲੀ ਕੁੰਗੀ ਦੇ ਪੀਲੇ ਕਣ ,ਹਲਦੀ ਦੇ ਪਾਊਡਰ ਵਾਂਗ ਹੱਥਾਂ ਅਤੇ ਕੱਪੜਿਆਂ ਤੇ ਵੀ ਲੱਗ ਜਾਂਦੇ ਹਨ,ਜੋ ਬਿਮਾਰੀ ਦੇ ਅਗਾਂਹ ਫੈਲਣ ਵਿੱਚ ਸਹਾਈ ਹੁੰਦੇ ਹਨ।ਕਿਸਾਨਾਂ ਨੂੰ ਚਾਹੀਦਾ ਹੈ ਕਿ ਦਸੰਬਰ ਮਹੀਨੇ ਤੋਂ ਬਾਅਦ ਆਪਣੇ ਖੇਤਾਂ ਦਾ ਨਿਰੰਤਰ ਨਿਰੀਖਣ ਕਰਦੇ ਰਹਿਣ ਅਤੇ ਜਦ ਵੀ ਪੀਲੀ ਕੁੰਗੀ ਦੇ ਹਮਲੇ ਦੇ ਸ਼ੁਰੂਆਤੀ ਲੱਛਣ ਦਿਖਾਈ ਦੇਣ ਤਾਂ ਤੁਰੰਤ 200 ਮਿ.ਲੀ. ਪ੍ਰੋਪੀਕੋਨਾਜ਼ੋਲ ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦੇਣਾ ਚਾਹੀਦਾ ਹੈ।ਗੰਭੀਰ ਹਾਲਤਾਂ ਵਿੱਚ ਦੂਜਾ ਛਿੜਕਾਅ 15 ਦਿਨ ਦੇ ਵਕਫੇ ਤੇ ਕਰੋ ਤਾਂ ਜੋ ਟੀਸੀ ਵਾਲਾ ਪੱਤਾ ਬਿਮਾਰੀ ਰਹਿਤ ਰਹਿ ਸਕੇ।ਕਈ ਵਾਰ ਕਿਸਾਨ ਕਣਕ ਦੀ ਫਸਲ ਦੇ ਪੌਦਿਆਂ ਦੇ ਪੱਤੇ ਪੀਲੇ ਹੋਣ ਤੇ ਪੀਲੀ ਕੁੰਗੀ ਦੇ ਭੁਲੇਖੇ ਦਵਾਈ ਦਾ ਛਿੜਕਾ ਸ਼ੁਰੂ ਕਰ ਦਿੰਦੇ ਹਨ ,ਜਿਸ ਨਾਲ ਸਮੇਂ ਦੀ ਬਰਬਾਦੀ ਦੇ ਨਾਲ ਨਾਲ ਖੇਤੀ ਲਾਗਤ ਖਰਚੇ ਵੀ ਵਧਦੇ ਹਨ।ਵਧੇਰੇ ਜਾਣਕਾਰੀ ਲਈ ਕਿਸਾਨ ਆਪਣੇ ਹਲਕੇ ਨਾਲ ਸੰਬੰਧਤ ਖੇਤੀਬਾੜੀ ਵਿਕਾਸ ਅਫਸਰ ਜਾਂ ਖੇਤੀਬਾੜੀ ਅਫਸਰ ਜਾਂ ਮੁੱਖ ਖੇਤੀਬਾੜੀ ਅਫਸਰ ਨਾਲ ਸੰਪਰਕ ਕਰ ਸਕਦੇ ਹਨ।ਇਸ ਤੋਂ ਇਲਾਵਾ ਕਿਸਾਨ ਕਾਲ ਸੈਂਟਰ ਦੇ ਫੋਨ ਨੰ. 1800 180 1551 ਤੇ ਮੋਬਾਇਲ ਰਾਹੀਂ ਅਤੇ ਲੈਂਡ ਲਾਈਨ ਤੋਂ 1551 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ ਤਾਂ ਜੋ ਸਮੇਂ ਸਿਰ ਪੀਲੀ ਕੁੰਗੀ ਬਿਮਾਰੀ ਨੁੰ ਪੰਜਾਬ ਵਿੱਚ ਵਧਣ ਤੋਂ ਰੋਕਿਆ ਅਤੇ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕੇ।ਇਹ ਫੋਨ ਸੇਵਾ ਪੰਜਾਬ ਸਰਕਾਰ ਵੱਲੋਂ ਬਿੱਲਕੁੱਲ ਮੁਫਤ ਮੁਹੱਈਆ ਜਾ ਰਹੀ ਹੈ।ਇਸ ਤੋਂ ਇਲਾਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਜਾਂ ਇਸ ਦੇ ਕ੍ਰਿਸ਼ੀ ਵਿਗਿਆਨ ਕੇਂਦਰ,ਕਿਸਾਨ ਸਲਾਹਕਾਰ ਸੇਵਾ ਕੇਂਦਰਾਂ ਵਿੱਚ ਖੇਤੀ ਮਾਹਿਰਾਂ ਨਾਲ ਸੰਪਰਕ ਕਰ ਸਕਦੇ ਹਨ।

ਡਾ ਅਮਰੀਕ ਸਿੰਘ,
ਬਲਾਕ ਖੇਤੀਬਾੜੀ ਅਫਸਰ

End Ad