ਕਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਵਲੋਂ ਡੀ ਸੀ ਦਫਤਰ ਅੱਗੇ ਦਿੱਤਾ ਜਾਵੇਗਾ ਧਰਨਾ: ਮਹਿਮਾ 

115
Start Ad
ਗੁਰੂਹਰਸਹਾਏ, 7 ਅਗਸਤ । ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਗੁਰੂਹਰਸਹਾਏ ਬਲਾਕ ਦੀ ਮੀਟਿੰਗ ਪਿੰਡ ਸ਼ਰੀਹਵਾਲਾ ਬਰਾੜ ਵਿੱਚ ਹੋਈ । ਜਿਸ ਵਿੱਚ ਦਰਜਨ ਤੋਂ ਵੱਧ ਪਿੰਡਾਂ ਦੇ ਕਿਸਾਨਾਂ ਨੇ ਭਾਗ ਲਿਆ । ਇਸ ਮੌਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਫ਼ਰੀਦਕੋਟ ਦੇ ਆਗੂ ਜਸਕਰਨ ਸਿੰਘ ਪਿੰਡੀ, ਗੁਰੂਹਰਸਹਾਏ ਦੇ ਆਗੂ ਮਲਕਦਿੱਤਾ , ਭਾਗ ਸਿੰਘ ਵਸਤੀ ਲਾਲ ਸਿੰਘ ਵਾਲੀ , ਸੁਖਜੀਤ ਸੋਨੂੰ ਅਤੇ ਵੀਰ ਦਵਿੰਦਰ ਸਿੰਘ ਨੇ ਸੰਬੋਧਨ ਕੀਤਾ ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਇਆ ਸੂਬਾ ਆਗੂ ਅਵਤਾਰ ਸਿੰਘ ਮਹਿਮਾ ਨੇ ਦੱਸਿਆ ਕਿ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਪੂਰੇ ਪੰਜਾਬ ਵਿਚ ਉਨ੍ਹਾਂ ਕਿਸਾਨਾਂ ਦੇ ਫਾਰਮ ਭਰੇ ਜਾ ਰਹੇ ਹਨ ਜਿਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਕਰਜ਼ਾ ਰਾਹਤ ਸਕੀਮ ਐਲਾਨੀ ਗਈ ਹੈ ਪਰ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਉਨ੍ਹਾਂ ਦੇ ਖਾਤਿਆਂ ਵਿੱਚ ਪੈਸੇ ਨਹੀਂ ਪਾਏ ਜਾ ਰਹੇ । ਇਸ ਕਰਜਾ ਰਾਹਤ ਸਕੀਮ ਅਧੀਨ ਆਉਂਦੇ ਪਰ ਰਾਹਤ ਤੋਂ ਬਾਹਰ ਰਹੇ ਗਏ ਕਿਸਾਨਾਂ ਦੀ ਜਾਣਕਾਰੀ ਜ਼ਿਲ੍ਹਾ ਹੈੱਡ ਕੁਆਰਟਰਾਂ ਤੇ ਜਮ੍ਹਾਂ ਕਰਵਾਈ ਜਾਵੇਗੀ । ਉਨ੍ਹਾਂ ਦੱਸਿਆ ਕਿ ਵੱਖ ਵੱਖ ਇਲਾਕਿਆਂ ਵਿੱਚ ਟੀਮਾਂ ਕਿਸਾਨਾਂ ਦੇ ਫਾਰਮ ਭਰ ਰਹੀਆਂ ਹਨ ਅਤੇ ਫਾਰਮ 13 ਅਗਸਤ ਨੂੰ ਡੀ ਸੀ ਦਫਤਰ ਫਿਰੋਜ਼ਪੁਰ ਸਾਹਮਣੇ ਧਰਨਾ ਦੇ ਕੇ ਜਮਾਂ ਕਰਵਾਏ ਜਾਣਗੇ । ਜਿਨ੍ਹਾਂ ਕਿਸਾਨਾਂ ਵੱਲੋਂ ਹਾਲੇ ਤੱਕ ਇਹ ਫਾਰਮ ਨਹੀਂ ਭਰੇ ਗਏ ਉਹਨਾਂ ਨੂੰ  ਜਥੇਬੰਦੀ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਕਿਸਾਨਾਂ ਦੇ ਪੱਖ ਵਿੱਚ ਕੀਤੇ ਗਏ ਫੈਸਲੇ ਦਾ ਸਵਾਗਤ ਕਰਦਿਆਂ ਹੋਇਆਂ ਕਿਹਾ ਕਿ ਕਿਸਾਨਾਂ ਪੱਖੀ ਅਜਿਹੇ ਫ਼ੈਸਲਿਆਂ ਨੂੰ ਲੋਕ ਤਾਕਤ ਦੇ ਬਲ ਹੀ ਲਾਗੂ ਕਰਵਾਇਆ ਜਾ ਸਕਦਾ ਹੈ । ਉਨ੍ਹਾਂ ਦੱਸਿਆ ਕਿ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਆਉਣ ਵਾਲੇ ਦਿਨਾਂ ਵਿੱਚ ਕਰਜ਼ਾ ਅਤੇ ਸੂਦਖੋਰੀ ਪ੍ਰਬੰਧ ਨੂੰ ਖਤਮ ਕਰਵਾਉਣ ਲਈ ਤਿੱਖਾ ਸੰਘਰਸ਼ ਕਰੇਗੀ । ਇਸ ਮੌਕੇ ਹਾਜ਼ਰ ਕਿਸਾਨਾਂ ਵੱਲੋਂ ਪੂਰੇ ਜੋਸ਼ ਨਾਲ ਫਿਰੋਜ਼ਪੁਰ ਧਰਨੇ ਵਿੱਚ ਸ਼ਾਮਲ ਹੋਣ ਲਈ ਹੁੰਗਾਰਾ ਭਰਿਆ ਗਿਆ ।
End Ad