ਕੈਪਟਨ ਦੀ ‘ਮਿੰਨਤ’ ਦੇ ਬਾਵਜੂਦ ਕਿਸਾਨਾਂ ਨੇ ਲਾਏ ਟੈਂਟ

283
Start Ad

ਮਾਨਸਾ, 22 ਜਨਵਰੀ (ਸੁਖਜੀਤ ਕੋਟਲੀ) । ਕਿਸਾਨ ਕਰਜ਼ਾ ਮੁਆਫੀ ਦੀ ਸ਼ੁਰੂਆਤ ਕਰਨ ਦੇ ਬਾਵਜੂਦ ਵਿਰੋਧੀ ਧਿਰਾਂ ਦੇ ਨਿਸ਼ਾਨੇ ‘ਤੇ ਆਏ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਵੇਂ ਹੀ ਕਿਸਾਨਾਂ ਨੂੰ ਧਰਨਾ ਨਾ ਲਾਉਣ ਦੀ ਅਪੀਲ ਕੀਤੀ ਸੀ ਪਰ ਬਾਵਜੂਦ ਇਸਦੇ ਕਿਸਾਨਾਂ ਨੇ ਅੱਜ ਸੂਬੇ ਭਰ ‘ਚ ਜ਼ਿਲ੍ਹਾ ਪੱਧਰੀ ਪੰਜ ਰੋਜ਼ਾ ਦਿਨ-ਰਾਤ ਦੇ ਧਰਨੇ ਸ਼ੁਰੂ ਕਰ ਦਿੱਤੇ ਹਨ ਕਿਸਾਨ ਧਿਰਾਂ ਨੇ ਠੰਢ ਦੇ ਮੌਸਮ ਤੋਂ ਬਚਾਅ ਲਈ ਟੈਂਟ ਤਾਣ ਲਏ ਅਤੇ ਚਾਹ-ਲੰਗਰ ਦੇ ਪੁਖਤਾ ਪ੍ਰਬੰਧ ਕਰਕੇ ਸਰਕਾਰ ਖਿਲਾਫ ‘ਮੁਰਦਾਬਾਦ’ ਦੇ ਨਾਅਰੇ ਲਾਉਣੇ ਆਰੰਭ ਦਿੱਤੇ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਮਾਨਸਾ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਨੇੜੇ ਪੰਜ ਰੋਜ਼ਾ ਇਸ ਧਰਨੇ ਦੇ ਅੱਜ ਪਹਿਲੇ ਦਿਨ ਵੱਡੀ ਗਿਣਤੀ ਵਿੱਚ ਧਰਨੇ ਵਿੱਚ ਪਹੁੰਚੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਕਿਸਾਨਾਂ ਦੀਆਂ ਮੰਗਾਂ ਨੂੰ ਜ਼ੋਰ ਨਾਲ ਉਠਾਉਂਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਕੀਤੇ ਹੋਏ ਵਾਅਦੇ ਅਨੁਸਾਰ ਕਿਸਾਨਾਂ ਮਜ਼ਦੂਰਾਂ ਸਿਰ ਚੜਿਆ ਕਰਜਾ ਖਤਮ ਕੀਤਾ ਜਾਵੇ, ਕਿਸਾਨ ਪੱਖੀ ਕਰਜਾ ਕਾਨੂੰਨ ਬਣਾਇਆ ਜਾਵੇ, ਕਰਜਿਆਂ ਅਤੇ ਆਰਥਿਕ ਤੰਗੀਆਂ ਕਾਰਨ ਖੁਦਕੁਸ਼ੀ ਕਰ ਗਏ ਕਿਸਾਨਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦਾ ਮੁਆਵਜਾ, ਇੱਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਅਵਾਰਾ ਪਸ਼ੂਆਂ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ। ਕਿਸਾਨ ਆਗੂ ਨੇ ਕਿਹਾ ਕਿ ਲੱਖਾਂ ਦੀ ਗਿਣਤੀ ਵਿੱਚ ਬੇਰੁਜ਼ਗਾਰ ਨੌਜਵਾਨ ਫਿਰ ਰਹੇ ਹਨ, ਉਹਨਾਂ ਨੂੰ ਤੁਰੰਤ ਸਰਕਾਰੀ ਕੰਮ ਤੇ ਲਾਇਆ ਜਾਵੇ। ਜਥੇਬੰਦੀ ਦੇ ਜਿਲ੍ਹਾ ਜਨਰਲ ਸਕੱਤਰ ਇੰਦਰਜੀਤ ਸਿੰਘ ਝੱਬਰ ਨੇ ਕਿਹਾ ਕਿ ਦੇਸ਼ ਲਈ ਹਰ ਚੀਜ ਆਪਣੇ ਖੇਤਾਂ ਵਿੱਚ ਪੈਦਾ ਕਰਕੇ ਦੇਣ ਵਾਲਾ ਪੰਜਾਬ ਦਾ ਕਿਸਾਨ ਆਪ ਸਲਫਾਸ ਦੀਆਂ ਗੋਲੀਆਂ ਖਾਣ ਲਈ ਮਜਬੂਰ ਹੋ ਗਿਆ ਹੈ। ਲਗਾਤਾਰ ਖੇਤੀ ਲਾਗਤ ਖਰਚੇ ਵਧਦੇ ਜਾ ਰਹੇ ਹਨ ਜਦੋਂ ਕਿ ਖਰਚਿਆਂ ਮੁਤਾਬਿਕ ਲਾਹੇਵੰਦ ਭਾਅ ਫਸਲਾਂ ਦੇ ਨਹੀਂ ਦਿੱਤੇ ਗਏ ਅਤੇ ਨਾ ਹੀ ਕੁਦਰਤੀ ਮਾਰਾਂ ਗਲਤ ਦਵਾਈਆਂ ਨਾਲ ਬਰਬਾਦ ਹੋਈਆਂ ਫਸਲਾਂ ਦਾ ਪੂਰਾ ਕਦੇ ਕਿਸੇ ਸਰਕਾਰ ਨੇ ਮੁਆਵਜਾ ਨਹੀਂ ਦਿੱਤਾ ਜਿਸ ਕਾਰਨ ਅੱਜ ਪੰਜਾਬ ਦਾ ਕਿਸਾਨ ਇੱਕ ਲੱਖ ਕਰੋੜ ਰੁਪਏ ਤੋਂ ਉਪਰ ਕਰਜਾਈ ਹੋ ਗਿਆ ਹੈ। ਉਹਨਾਂ ਕਿਹਾ ਕਿ ਕਿਸਾਨ ਮੰਗਾਂ ਦੇ ਹੱਲ ਲਈ ਸੰਘਰਸ਼ ਜਾਰੀ ਰੱਖਿਆ ਜਾਵੇ। ਇਸ ਮੌਕੇ ਆਵਾਮ ਰੰਗਮੰਚ ਪੰਜਾਬ ਦੀ ਟੀਮ ਵੱਲੋਂ ਕਿਸਾਨਾਂ ਨਾਲ ਸਿਆਸੀ ਧਿਰਾਂ ਵੱਲੋਂ ਕੀਤੇ ਜਾਂਦੇ ਵਾਅਦਿਆਂ ਆਦਿ ‘ਤੇ ਅਧਾਰਿਤ ਨਾਟਕ ਵੀ ਖੇਡੇ ਗਏ।
ਇਸ ਮੌਕੇ ਮਹਿੰਦਰ ਸਿੰਘ ਰੁਮਾਣਾ, ਜਗਦੇਵ ਸਿੰਘ ਭੈਣੀ ਬਾਘਾ, ਸਾਧੂ ਸਿੰਘ ਅਲੀਸ਼ੇਰ, ਉੱਤਮ ਸਿੰਘ ਰਾਮਾਂਨੰਦੀ, ਅਜੈਬ ਸਿੰਘ ਕਣਕਵਾਲ, ਚਾਨਣ ਸਿੰਘ ਜਟਾਣਾ, ਭਾਨ ਸਿੰਘ ਬਰਨਾਲਾ, ਭੋਲਾ ਸਿੰਘ ਮਾਖਾ, ਮੇਜਰ ਸਿੰਘ ਗੋਬਿੰਦਪੁਰਾ ਨੇ ਵੀ ਸੰਬੋਧਨ ਕੀਤਾ।

ਅੰਦੋਲਨ ਨਾ ਕਰਨ ਦੀਆਂ ਮੱਤਾਂ ਦੇਣ ‘ਤੇ ਉੱਤਰ ਆਇਆ ਕੈਪਟਨ : ਕਿਸਾਨ ਆਗੂ
ਕਿਸਾਨ ਆਗੂ ਰਾਮ ਸਿੰਘ ਭੈਣੀ ਬਾਘਾ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚੋਣਾਂ ਵੇਲੇ ਕੀਤਿਆਂ ਵਾਅਦਿਆਂ ਨੂੰ ਪਾਸੇ ਧੱਕ ਰਹੇ ਹਨ। ਵੋਟਾਂ ਤੋਂ ਪਹਿਲਾਂ ਕਿਸਾਨਾਂ ਨੂੰ ਖੁਦਕੁਸ਼ੀਆਂ ਨਾ ਕਰਨ ਅਤੇ ਤਿੰਨ ਮਹੀਨੇ ਦੀ ਉਡੀਕ ਕਰਨ ਦੀਆਂ ਅਪੀਲਾਂ ਕਰਨ ਵਾਲਾ ਮੁੱਖ ਮੰਤਰੀ ਹੁਣ ਜਦੋਂ ਰਾਜ ਸਤ੍ਹਾ ਤੇ ਕਾਬਜ ਹੋਏ ਨੂੰ ਦਸ ਮਹੀਨੇ ਹੋ ਗਏ ਹਨ ਕਰਜਾ ਮੁਆਫ ਕਰਕੇ ਹੋ ਰਹੀਆਂ ਖੁਦਕੁਸ਼ੀਆਂ ਨੂੰ ਰੋਕਣਾ ਤਾਂ ਦੂਰ ਦੀ ਗੱਲ ਹੋ ਗਈ ਹੈ ਸਗੋਂ ਹੁਣ ਮੰਗਾਂ ਮਸਲਿਆਂ ਦੇ ਹੱਲ ਲਈ ਕਿਸਾਨਾਂ ਨੂੰ ਅੰਦੋਲਨ ਨਾ ਕਰਨ ਦੀਆਂ ਮੱਤਾਂ ਦੇਣ ਦੇ ਉਤਰ ਆਇਆ ਹੈ।

End Ad