ਕ੍ਰਿਕਟਰ ਹਰਮਨਪ੍ਰੀਤ ਕੌਰ ਨੂੰ ਪੰਜਾਬ ਸਰਕਾਰ ਨੇ ਬਣਾਇਆ ਡੀਐਸਪੀ

356
Start Ad

ਚੰਡੀਗੜ੍ਹ, 1 ਮਾਰਚ(ਸੁਖਜੀਤ ਮਾਨ): ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਸਾਲ 2017 ‘ਚ ਹੋਇਆ ਮਹਿਲਾ ਵਿਸ਼ਵ ਕੱਪ ਜਿਤਾਉਣ ‘ਚ ਅਹਿਮ ਯੋਗਦਾਨ ਪਾਉਣ ਵਾਲੀ ਪੰਜਾਬ ਦੇ ਮੋਗਾ ਜ਼ਿਲ੍ਹੇ ਦੀ ਜੰਮਪਲ ਖਿਡਾਰਨ ਅਰਜਨ ਐਵਾਰਡੀ ਹਰਮਨਪ੍ਰੀਤ ਕੌਰ ਨੂੰ ਅੱਜ ਪੰਜਾਬ ਸਰਕਾਰ ਨੇ ਡੀਐਸਪੀ ਬਣਾ ਦਿੱਤਾ ਹੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਪੁਲਿਸ ਦੇ ਮੁਖੀ ਸੁਰੇਸ਼ ਅਰੋੜਾ ਨੇ ਸਟਾਰ ਲਗਾ ਕੇ ਉਸ ਨੂੰ ਇਹ ਮਾਣ ਦਿੱਤਾ।
ਮੁੱਖ ਮੰਤਰੀ ਨੇ ਹਰਮਨਪ੍ਰੀਤ ਕੌਰ ਨੂੰ ਡੀਐਸਪੀ ਬਣਾਉਣ ਸਬੰਧੀ ਆਪਣੇ ਫੇਸਬੁੱਕ ਪੇਜ਼ ਅਤੇ ਟਵਿੱਟਰ ‘ਤੇ ਟਵੀਟ ਕਰਕੇ ਵਧਾਈ ਦਿੱਤੀ। ਕੈਪਟਨ ਨੇ ਫੇਸਬੁੱਕ ਪੇਜ਼ ‘ਤੇ ਲਿਖਿਆ ਹੈ ਕਿ ”ਕ੍ਰਿਕਟਰ ਹਰਮਨਪ੍ਰੀਤ ਕੌਰ ਦੀ ਵਰਦੀ ‘ਤੇ ਤਾਰੇ ਲਾਉਣ ‘ਚ ਉਨ੍ਹਾਂ ਨੂੰ ਬਹੁਤ ਮਾਣ ਮਹਿਸੂਸ ਹੋਇਆ ਹੈ। ਹਰਮਨਪ੍ਰੀਤ ਨੇ ਪੰਜਾਬ ਪੁਲਿਸ ਦੀ ਡੀਐਸਪੀ ਵਜੋਂ ਜਿੰਮੇਵਾਰੀ ਸਾਂਭੀ ਹੈ । ਇਸ ਲੜਕੀ ਨੇ ਸਾਨੂੰ ਮਾਣ ਮਹਿਸੂਸ ਕਰਵਾਇਆ ਹੈ ਅਤੇ ਮੈਨੂੰ ਭਰੋਸਾ ਹੈ ਕਿ ਇਹ ਅਜਿਹਾ ਕਰਨਾ ਜ਼ਾਰੀ ਰੱਖੇਗੀ ਮੇਰੀਆਂ ਸ਼ੁੱਭ ਇਛਾਵਾਂ ਇਸਦੇ ਨਾਲ ਹਨ”। ਡੀਜੀਪੀ ਸੁਰੇਸ਼ ਅਰੋੜਾ ਨੇ ਆਖਿਆ ਕਿ ਹਰਮਨਪ੍ਰੀਤ ਕੌਰ ਅਜੇ ਟ੍ਰੇਨੀ ਡੀਐਸਪੀ ਦੇ ਤੌਰ ‘ਤੇ ਕੰਮ ਕਰੇਗੀ। ਦੱਸਣਯੋਗ ਹੈ ਕਿ ਜਦੋਂ ਹਰਮਨਪ੍ਰੀਤ ਕੌਰ ਮਹਿਲਾ ਵਿਸ਼ਵ ਕੱਪ ਜੇਤੂ ਭਾਰਤੀ ਟੀਮ ਦੀ ਮੈਂਬਰ ਬਣੀ ਸੀ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਉਸਨੂੰ ਡੀਐਸਪੀ ਬਣਾਉਣ ਦਾ ਐਲਾਨ ਕੀਤਾ ਸੀ। ਇਸ ਤੋਂ ਪਹਿਲਾਂ ਰੇਲਵੇ ‘ਚ ਨੌਕਰੀ ਕਰਦੀ ਹਰਮਨਪ੍ਰੀਤ ਕੌਰ ਨੂੰ ਆਪਣੀ ਰੇਲਵੇ ਦੀ ਨੌਕਰੀ ਛੱਡਣ ‘ਚ ਕੁੱਝ ਮੁਸ਼ਕਿਲ ਆਈ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਰੇਲਵੇ ਵਿਭਾਗ ਨਾਲ ਸੰਪਰਕ ਕਰਕੇ ਉਸਨੂੰ ਰਿਲੀਵ ਕਰਵਾਇਆ ਸੀ। ਪਿੰਡ ਮੋਗਾ ਦੁਨੇਕੇ ਦੇ ਵਾਸੀ ਅਤੇ ਹਰਮਨਪ੍ਰੀਤ ਕੌਰ ਦੇ ਪਿਤਾ ਹਰਮਿੰਦਰ ਸਿੰਘ ਅਤੇ ਮਾਤਾ ਸਤਿੰਦਰ ਕੌਰ ਨੇ ਆਪਣੀ ਧੀ ਨੂੰ ਡੀਐਸਪੀ ਬਣਾਉਣ ‘ਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।

End Ad