ਜਾਇਦਾਦ ਦੀ ਖਰੀਦ ਵੇਚ ਦੀ ਪ੍ਰਕ੍ਰਿਆ ਹੋਵੇਗੀ ਔਨਲਾਈਨ ਅਤੇ ਸਰਲ_ਡਿਪਟੀ ਕਮਿਸ਼ਨਰ

430
Start Ad

ਜਲਾਲਾਬਾਦ, 21 ਜਨਵਰੀ ( ਰਜਨੀਸ਼ ਰਵੀ)- ਜ਼ਿਲ੍ਹਾ ਫਾਜ਼ਿਲਕਾਂ ਦੀਆਂ ਤਹਿਸੀਲਾਂ ਅਤੇ ਉਪ ਤਹਿਸੀਲਾਂ ਵਿਚ ਜਮੀਨ ਦੀ ਖਰੀਦ ਵੇਚ ਸਮੇਂ ਹੋਣ ਵਾਲੀ ਰਜਿਸਟਰੀ ਜਲਦ ਹੀ ਆਨਲਾਈਨ ਹੋਣ ਲੱਗੇਗੀ। ਇਸ ਪ੍ਰੋਜੈਕਟ ਨੂੰ ਫਰਵਰੀ ਦੇ ਪਹਿਲੇ ਹਫਤੇ ਤੋਂ ਪੜਾਅਵਾਰ ਤਰੀਕੇ ਨਾਲ ਲਾਗੂ ਕੀਤਾ ਜਾਵੇਗਾ ਅਤੇ ਪਹਿਲ ਫਾਜ਼ਿਲਕਾ ਤਹਿਸੀਲ ਤੋਂ ਹੋਵੇਗੀ। ਇਹ ਜਾਣਕਾਰੀ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਅੱਜ ਇੱਥੇ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੇ ਲਾਗੂ ਹੋਣ ਨਾਲ ਜਮੀਨ ਦੀ ਖਰੀਦ ਫਰੋਖਤ ਦੀ ਪ੍ਰਕ੍ਰਿਆ ਸਰਲ ਹੋਵੇਗੀ ਅਤੇ ਇਸ ਪ੍ਰਕ੍ਰਿਆ ਵਿਚ ਪਾਰਦਰਸਤਾ ਵਧੇਗੀ। ਉਨ੍ਹਾਂ ਕਿਹਾ ਕਿ ਜਮੀਨਾਂ ਦੀ ਖਰੀਦ ਫਰੋਖਤ ਸਮੇਂ ਹੋਣ ਵਾਲੇ ਫਰਾਡ ਵੀ ਇਸ ਨਾਲ ਬੰਦ ਹੋ ਜਾਣਗੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਮੀਨ ਜਾਇਦਾਦ ਦੀ ਖਰੀਦ ਵੇਚ ਦੀ ਪ੍ਰਕ੍ਰਿਆ ਪੁਰੀ ਤਰਾਂ ਸਰਲ ਅਤੇ ਪਾਰਦਰਸ਼ੀ ਹੋਣ ਨਾਲ ਕ੍ਰੇਤਾ ਅਤੇ ਵਿਕ੍ਰੇਤਾ ਦੋਹਾਂ ਨੂੰ ਇਸ ਨਾਲ ਸਹੁਲਤ ਹੋਵੇਗੀ। ਉਨ੍ਹਾਂ ਨੇ ਦੱਸਿਆ ਕਿ ਇਸ ਪ੍ਰਕ੍ਰਿਆ ਦੇ ਲਾਗੂ ਹੋਣ ਨਾਲ ਸੌਦੇ ਵਾਲੀ ਜਮੀਨ ਦੇ ਵੇਰਵੇ ਆਨਲਾਈਨ ਦਰਜ ਕਰਨ ਦੇ ਨਾਲ ਸਾਫਟਵੇਅਰ ਆਪਣੇ ਆਪ ਬਣਦੀ ਫੀਸ ਨਿਰਧਾਰਤ ਕਰੇਗਾ ਅਤੇ ਈ.ਸਟੈਂਪ ਨਾਲ ਇਹ ਫੀਸ ਅਦਾ ਕੀਤੀ ਜਾ ਸਕੇਗੀ। ਇਸ ਪ੍ਰਕ੍ਰਿਆ ਲਈ ਵਿਕ੍ਰੇਤਾ ਅਤੇ ਕ੍ਰੇਤਾ ਦੋਹਾਂ ਦਾ ਅਧਾਰ ਨੰਬਰ ਵੀ ਸੌਦੇ ਸਮੇਂ ਦਰਜ ਹੋਵੇਗਾ। ਇਸ ਨਾਲ ਕਿਸੇ ਵੀ ਕਿਸਮ ਦੀ ਗਲਤ ਰਜਿਸਟਰੀ ਹੋਣ ਦੀ ਸੰਭਾਵਨਾ ਉਕਾ ਹੀ ਖਤਮ ਹੋ ਜਾਵੇਗੀ। ਇਸੇ ਤਰਾਂ ਵੇਚਣ ਅਤੇ ਖਰੀਦਣ ਵਾਲੇ ਦਾ ਮੋਬਾਇਲ ਨੰਬਰ ਵੀ ਦਰਜ ਕੀਤਾ ਜਾਵੇਗਾ। ਇਸ ਨਵੀਂ ਪ੍ਰਕ੍ਰਿਆ ਤਹਿਤ ਵਸੀਕਾ ਨਵੀਸ ਖਰੀਦਦਾਰ ਅਤੇ ਵੇਚਣ ਵਾਲੇ ਦੇ ਸਾਰੇ ਵੇਰਵੇ ਸਾਫਟਵੇਅਰ ਵਿਚ ਦਰਜ ਕਰ ਦੇਵੇਗਾ ਅਤੇ ਇਸ ਤੋਂ ਬਾਅਦ ਉਹ ਇਹ ਵੇਰਵੇ ਸਬੰਧਤ ਰਜਿਸਟਰਾਰ ਦੇ ਦਫ਼ਤਰ ਨੂੰ ਫਾਰਵਰਡ ਕਰ ਦੇਵੇਗਾ। ਇਸ ਮੌਕੇ ਸਾਫਟਵੇਅਰ ਰਜਿਸਟਰਾਰ ਕੋਲ ਉਪਲਬੱਧ ਸਮੇਂ ਦੀ ਜਾਣਕਾਰੀ ਮੁਹਈਆ ਕਰਵਾਏਗਾ ਅਤੇ ਉਪਲਬੱਧ ਸਲਾਟ ਵਿਚੋਂ ਖਰੀਦਦਾਰ ਅਤੇ ਵਿਕ੍ਰੇਤਾ ਆਪਣੀ ਸਹੁਲਤ ਅਨੁਸਾਰ ਸਮਾਂ ਚੁਣ ਸਕਣਗੇ ਅਤੇ ਫਿਰ ਦਿੱਤੇ ਗਏ ਸਮੇਂ ਤੇ ਉਹ ਸਬੰਧਤ ਤਹਿਸੀਲ ਦਫ਼ਤਰ ਵਿਚ ਜਾ ਕੇ ਆਪਣੀ ਜਮੀਨ ਜਾਇਦਾਦ ਦੀ ਰਜਿਸਟਰੀ ਕਰਵਾ ਸਕਣਗੇ। ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ ਜਮੀਨਾਂ ਦੀ ਖਰੀਦੋ ਫਰੋਖ਼ਤ ਸਮੇਂ ਲੱਗਣ ਵਾਲੀ ਸਟੈਂਪ ਡਿਊਟੀ ਲਈ ਈ ਸਟੈਂਪ ਟਾਇਪ 1 ਸੇਵਾ ਕੇਂਦਰ ਤੇ ਉਪਲਬੱਧ ਹੈ ਅਤੇ ਦੋ ਲੱਖ ਰੁਪਏ ਦੇ ਈ ਸਟੈਂਪ ਇੱਥੋਂ ਖਰੀਦੇ ਜਾ ਸਕਦੇ ਹਨ। ਇਸੇ ਤਰਾਂ ਈ ਰਜਿਸਟਰੀ ਫੀਸ ਵੀ ਜਿੱਥੇ ਆਨਲਾਈਨ ਜਮਾਂ ਕਰਵਾਈ ਜਾ ਸਕਦੀ ਹੈ ਉਥੇ ਹੀ ਇਹ ਟਾਇਪ 1 ਅਤੇ ਟਾਇਪ 2 ਸੇਵਾ ਕੇਂਦਰਾਂ ਵਿਚ ਵੀ ਜਮਾ ਕਰਵਾਈ ਜਾ ਸਕਦੀ ਹੈ। ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ ਸਰਕਾਰ ਨੇ ਜਾਇਦਾਦਾਂ ਦੇ ਕਾਰੋਬਾਰ ਨੂੰ ਉਤਸਾਹਿਤ ਕਰਨ ਲਈ ਸ਼ਹਿਰੀ ਖੇਤਰਾਂ ਵਿਚ ਜਮੀਨ ਦੀ ਖਰੀਦ ਫਰੋਖ਼ਤ ਤੇ ਲੱਗਣ ਵਾਲੀ ਸਟੈਂਪ ਫੀਸ ਨੂੰ ਵੀ 9 ਫੀਸਦੀ ਤੋਂ ਘਟਾ ਕੇ 6 ਫੀਸਦੀ ਕਰਨ ਦਾ ਫੈਸਲਾ ਕੀਤਾ ਹੈ।

End Ad