ਜੈਵਿਕ ਤਰੀਕਿਆਂ ਨਾਲ ਪੈਦਾ ਕੀਤੇ ਖੇਤੀ ਉਤਪਾਦਾਂ ਤੋਂ ਵਧੇਰੇ ਮੁਨਾਫਾ ਤਾਂ ਹੀ ਲਿਆ ਜਾ ਸਕਦਾ ਜੇਕਰ……

442
Start Ad

ਪਠਾਨਕੋਟ: 28 ਫਰਵਰੀ । ਡਿਪਟੀ ਕਮਿਸ਼ਨਰ ਸ਼੍ਰੀਮਤੀ ਨੀਲਿਮਾ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਖੇਤੀਬਾੜੀ ਵਿਭਾਗ ਬਲਾਕ ਪਠਾਨਕੋਟ ਵੱਲੋਂ ਸ਼ਹਿਰ ਪਠਾਨਕੋਟ ਦੇ ਸਿਹਤ ਪੱਖੋਂ ਜਾਗਰੁਕ ਖਪਤਕਾਰਾਂ ਨੂੰ ਕੀਟਨਾਸ਼ਕ ਅਤੇ ਰਸਾਇਣਕ ਖਾਦਾਂ  ਰਹਿਤ ਜੈਵਿਕ ਤਰੀਕਿਆਂ ਨਾਲ ਤਿਆਰ ਦਾਲਾਂ,ਕਣਕ,ਬਾਸਮਤੀ,ਮੱਕੀ,ਤਿਲ ਅਤੇ ਗੁੜ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਸਥਾਨਕ ਖੇਤੀਬਾੜੀ ਦਫਤਰ ਇੰਦਰ ਕਾਲੋਨੀ ਵਿਖੇ ਬਲਾਕ ਪੱਧਰੀ ਇੱਕ ਦਿਨਾਂ ਵਿਸ਼ੇਸ਼ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ,ਜਿਸ ਦੀ ਪ੍ਰਧਾਨਗੀ ਡਾ ਇੰਦਰਜੀਤ ਸਿੰਘ ਮੁੱਖ ਖੇਤੀਬਾੜੀ ਅਫਸਰ ਨੇ ਕਤੀ।ਇਸ ਮੌਕੇ ਡਾ ਚਰਨਜੀਤ ਸਿੰਘ ਔਲਖ ਡਾਇਰੈਕਟਰ ਸਕੂਲ ਆਫ ਆਰਗੈਨਿਕ ਫਾਰਮਿੰਗ ਪੀ ਏ ਯੂ ਲੁਧਿਆਣਾ,ਡਾ ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ,ਡਾ ਹਰਿੰਦਰ ਸਿੰਘ ਬੈਂਸ ਖੇਤੀਬਾੜੀ ਅਫਸਰ,ਅਗਾਂਹਵਧੂ ਕਿਸਾਨ ਸੁਖਜਿੰਦਰ ਸਿੰਘ ਲੌਂਗੀਆਂ ,ਮਾਸਟਰ ਗਿਆਨ ਸਿੰਘ,ਬਲਵਿੰਦਰ ਸਿੰਘ ਸੁਖਾਲਗੜ,ਗੁਰਵਿੰਦਰ ਸਿੰਘ ਬਾਜਵਾ,ਰਾਜੇਸ਼ ਕੁਮਾਰ ਚੌਹਾਨ,ਰਘਬੀਰ ਸਿੰਘ ਅਖਵਾਨਾ,ਬਲਦੇਵ ਰਾਜ ਸਮੇਤ  ਬਲਾਕ ਪਠਾਨਕੋਟ ਦਾ ਸਮੁੱਚਾ ਸਟਾਫ ਅਤੇ ਕਿਸਾਨ ਹਾਜ਼ਰ ਸਨ।
ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ ਇੰਦਰਜੀਤ ਸਿੰਘ ਧੰਜੂ ਕਿਹਾ ਕਿ ਖਪਤਕਾਰਾਂ ਵਿੱਚ ਸਿਹਤ ਪੱਖੋਂ ਵਧੀ ਚੇਤਨਤਾ ਕਾਰਨ ਜੈਵਿਕ ਖੇਤੀ ਪਦਾਰਥਾਂ ਦੀ ਮੰਗ ਦਿਨੋਂ ਦਿਨ ਵਧ ਰਹੀ ਹੈ।ਜਿਸ ਨੂੰ ਧਿਆਨ ਵਿੱਚ ਰੱਖਦਿਆਂ ਖੇਤੀਬਾੜੀ ਵਿਭਾਗ ਵੱਲੋਂ ਬਲਾਕ ਪਠਾਨਕੋਟ ਵਿੱਚ ਨਵੀਂ ਸ਼ੁਰੂਆਤ ਕੀਤੀ ਜਾ ਰਹੀ ਹੈ।ਉਨਾਂ ਕਿਹਾ ਕਿ ਜੈਵਿਕ ਤਰੀਕਿਆਂ ਨਾਲ ਪੈਦਾ ਕੀਤੇ ਖੇਤੀ ਉਤਪਾਦਾਂ ਤੋਂ ਵਧੇਰੇ ਮੁਨਾਫਾ ਤਾਂ ਹੀ ਲਿਆ ਜਾ ਸਕਦਾ ਹੈ ਜੇਕਰ ਪੈਦਾ ਕੀਤੇ ਕੀਤੇ ਉਤਪਾਦਾਂ ਦਾ ਮੰਡੀਕਰਨ ਕਿਸਾਨ ਖੁਦ ਕਰਨ।ਡਾ ਚਰਨਜੀਤ ਸਿੰਘ ਔਲਖ ਨੇ ਕਿਹਾ ਕਿ ਜੈਵਿਕ ਖੇਤੀ ਦੀ ਸ਼ੁਰੂਆਤ ਕਿਸਾਨਾਂ ਨੂੰ ਆਪਣੇ ਪਰਿਵਾਰ ਦੇ ਖਾਣ ਲਈ ਵਰਤੇ ਜਾਂਦੇ ਖੇਤੀ ਉਤਪਾਦਾਂ ਤੋਂ ਕਰਨੀ ਚਾਹੀਦੀ ਹੈ, ਤਜ਼ਰਬੇ ਦੇ ਨਾਲ ਨਾਲ ਮੰਗ ਵਧਣ ਤੇ ਰਕਬੇ ਵਿੱਚ ਹੌਲੀ ਹੌਲੀ ਵਾਧਾ ਕਰਨਾ ਚਾਹੀਦਾ ਹੈ।ਉਨਾਂ ਕਿਹਾ ਕਿ ਵਿਸ਼ਵ ਪੱਧਰ ਤੇ ਹੀ ਜੈਵਿਕ ਤਰੀਕਿਆਂ ਨਾਲ ਪੈਦਾ ਕੀਤੇ ਖੇਤੀ ਪਦਾਰਥਾਂ ਦੀ ਮੰਗ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।ਜਿਸ ਕਾਰਨ ਜੈਵਿਕ ਖੇਤੀ ਦਾ ਭਵਿੱਖ ਬਹੁਤ ਹੀ ਵਧੀਆ ਹੈ।ਉਨਾਂ ਕਿਹਾ ਕਿ ਜੈਵਿਕ ਖੇਤੀ ਲਈ ਪਠਾਨਕੋਟ ਜ਼ਿਲੇ ਦਾ ਪੌਣਪਾਣੀ ਬਹੁਤ ਹੀ ਢੁਕਵਾਂ ਹੈ ਕਿਉਂਕਿ ਇਸ ਇਲਾਕੇ ਵਿੱਚ ਕਿਸਾਨ ਬਹੁਤ ਘੱਟ ਮਾਤਰਾ ਵਿੱਚ ਖੇਤੀ ਰਸਾਇਣਾਂ ਦੀ ਵਰਤੋਂ ਕਰਦੇ ਹਨ ਅਤੇ ਜ਼ਮੀਨ ਹੇਠਲੇ ਪਾਣੀ ਦੀ ਗੁਣਵੱਤਾ ਵੀ ਬਹੁਤ ਵਧੀਆ ਹੈ।ਚੰਡੀਗੜ ਦੇ ਵਸਨੀਕ ਜੈਵਿਕ ਖੇਤੀ ਉਤਪਾਦਕ ਸੁਖਜਿੰਦਰ ਸਿੰਘ ਲੌਂਗੀਆਂ ਨੇ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਕਿਹਾ ਕਿ ਬਾਹਰਲੇ ਦੇਸ਼ ਤੋਂ ਆ ਕੇ ਪਹਿਲਾਂ ਆਮ ਤਰੀਕੇ ਨਾਲ ਸ਼ੁਰੂ ਕੀਤੀ ਪਰ ਚੰਡੀਗੜ ਅਤੇ ਮੋਹਾਲੀ ਸ਼ਹਿਰਾਂ ਵਿੱਚ ਸਿਹਤਪੱਖੋਂ ਜਾਗਰੁਕ ਖਪਤਕਾਰਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਜੈਵਿਕ ਤਰੀਕਿਆਂ ਨਾਲ ਖਪਤਕਾਰਾਂ ਦੀ ਮੰਗ ਅਨੁਸਾਰ ਖੇਤੀ ਫਸਲਾਂ ਅਤੇ ਸਬਜੀਆਂ ਪੈਦਾ ਕਰਕੇ ਆਮ ਮੰਡੀ ਵਿੱਚ ਵੇਚਣ ਦੀ ਬਿਜਾਏ ਸਿੱਧਾ ਖਪਤਕਾਰਾਂ ਤੱਕ ਖੇਤੀ ਉਪਾਦ ਪਹੂੰਚਾਉਣੇ ਸ਼ੁਰੂ ਕੀਤੇ ਜਿਸ ਨਾਲ ਖੇਤੀ ਲਾਗਤ ਖਰਚੇ ਘਟਣ ਦੇ ਨਾਲ ਸ਼ੁੱਧ ਮੁਨਾਫੇ ਵਿੱਚ ਵਾਧਾ ਹੋਇਆ।ਉਨਾਂ ਕਿਹਾ ਕਿ ਜੈਵਿਕ ਖੇਤੀ ਉਤਪਾਦਾਂ ਦੀ ਵਧੀ ਮੰਗ ਨੂੰ ਮੂੱਖ ਰੱਖਦਿਆਂ 15 ਏਕੜ ਵਿੱਚ ਵੱਖ ਵੱਖ ਸਬਜੀਆ,ਦਾਲਾਂ ਅਤੇ ਫਸਲਾਂ ਪੇਦਾ ਕਰਕੇ ਸਿੱਧਾ ਖਪਤਕਾਰਾਂ ਨੂੰ ਪਹੁੰਚਾਇਆ ਜਾ ਰਿਹਾ ਹੈ।ਡਾ ਅਮਰੀਕ ਸਿੰਘ ਨੇ ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਭਵਿੱਖੀ ਰਣਨੀਤੀ ਬਾਰੇ ਕਿਹਾ ਕਿ ਪਹਿਲਾਂ ਬਲਾਕ ਪਠਾਨਕੋਟ ਸਮੇਤ ਸੁਜਾਨਪੁਰ ਅਤੇ ਘਰੋਟਾ ਨਾਲ ਸੰਬੰਧਤ ਜੈਵਿਕ ਖੇਤੀ ਕਰਨ ਦੇ ਇੱਛਤ ਕਿਸਾਨਾਂ ਦੇ ਫਸਲਾਂ ਦੇ ਅਧਾਰਤ ਸਮੂਹ ਬਣਾ ਕੇ ਜੈਵਿਕ ਖੇਤੀ ਸ਼ੁਰੂਆਤ ਕਰਵਾਈ ਜਾਵੇਗੀ।ਉਨਾਂ ਕਿਹਾ ਕਿ ਜਾਗਰੁਕ ਖਪਤਕਾਰਾਂ ਤੋਂ ਉਨਾਂ ਦੀ ਜੈਵਿਕ ਖੇਤੀ ਉਤਪਾਦਾਂ ਦੀ ਮੰਗ ਵੀ ਲਈ ਜਾਵੇਗੀ ਤਾਂ ਜੋ ਉਸ ਅਨੁਸਾਰ ਹੀ ਖੇਤੀ ਪਦਾਰਥ ਪੈਦਾ ਕਰਵਾਏ ਜਾਣ।ਉਾਂ ਕਿਸਾਨਾਂ ਨੂੰ ਅਪੀਲ ਕੀਤੀ ਜੈਵਿਕ ਖੇਤੀ ਦੀ ਸ਼ੁਰੂਆਤ ਕਰਨ ਦੇ ਚਾਹਵਾਨ ਕਿਸਾਨ ਆਪਣੇ ਹਲਕੇ ਦੇ ਖੇਤੀਬਾੜੀ ਦਫਤਰ ਵਿੱਚ ਪੰਜੀਕ੍ਰਿਤ ਕਰਵਾਉਣ। ਅਗਾਂਹਵਧੂ ਕਿਸਾਨ ਬਲਵਿੰਦਰ ਸਿੰਘ ਸੁਖਾਲਗੜ ਅਤੇ ਮਾਸਟਰ ਗਿਆਨ ਸਿੰਘ ਨੇ ਵੀ ਆਪਣੇ ਤਜ਼ਰਬੇ ਸਾਂਝੇ ਕੀਤੇ।ਡਾ ਹਰਿੰਦਰ ਸਿੰਘ ਬੈਂਸ ਨੇ ਅਖੀਰ ਵਿੱਚ ਸਮੂਹ ਕਿਸਾਨਾਂ ਅਤੇ ਮਹਿਰਾਂ ਦਾ ਧੰਨਵਾਦ ਕੀਤਾ।

End Ad