ਧੀਆਂ ਸਮਾਜ ਦੇ ਕਿਸੇ ਵੀ ਖੇਤਰ ਵਿਚ ਲੜਕਿਆਂ ਤੋਂ ਘੱਟ ਨਹੀਂ-ਕੈਬਨਿਟ ਮੰਤਰੀ ਰੰਧਾਵਾ

60
Start Ad

ਫਿਰੋਜ਼ਪੁਰ 10 ਜੁਲਾਈ : ਧੀਆਂ ਸਮਾਜ ਦੇ ਕਿਸੇ ਵੀ ਖੇਤਰ ਵਿਚ ਲੜਕਿਆਂ ਤੋਂ ਘੱਟ ਨਹੀਂ ਹਨ ਅਤੇ ਧੀਆਂ ਨੇ ਵੱਖ-ਵੱਖ ਖੇਤਰਾਂ ਵਿਚ ਮੁਕਾਮ ਹਾਸਲ ਕਰਕੇ ਦੇਸ਼ ਅਤੇ ਆਪਣੇ ਪਰਿਵਾਰ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਇਹ ਪ੍ਰਗਟਾਵਾ ਕੈਬਨਿਟ ਮੰਤਰੀ (ਜੇਲ੍ਹਾਂ) ਸ੍ਰ. ਸੁਖਜਿੰਦਰ ਸਿੰਘ ਰੰਧਾਵਾ ਨੇ ਹਰੀਸ਼ ਹੋਟਲ ਵਿਖੇ ਜ਼ਿਲ੍ਹੇ ਦੀਆਂ ਧੀਆਂ ਲਈ ਆਯੋਜਿਤ ਸਨਮਾਨਿਤ ਸਮਾਰੋਹ ਦੌਰਾਨ ਕੀਤਾ। ਇਸ ਮੌਕੇ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਪਰਮਿੰਦਰ ਸਿੰਘ ਪਿੰਕੀ, ਵਿਧਾਇਕ ਜ਼ੀਰਾ  ਕੁਲਬੀਰ ਸਿੰਘ ਜ਼ੀਰਾ ਅਤੇ ਡਿਪਟੀ ਕਮਿਸ਼ਨਰ ਚੰਦਰ ਗੈਂਦ ਵੀ ਹਾਜ਼ਰ ਸਨ।
ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਧੀਆਂ ਦਾ ਸਾਡੇ ਜੀਵਨ ਵਿੱਚ ਅਹਿਮ ਮਹੱਤਵ ਹੈ। ਬੇਟੀਆਂ ਵੱਡੀਆਂ ਹੋ ਕੇ ਮਾਂ, ਭੈਣ, ਪਤਨੀ ਵਰਗੇ ਅਹਿਮ ਰੋਲ ਨਿਭਾਉਂਦੀਆਂ ਹਨ ਜਿਸ ਤੋ ਬਿਨਾਂ ਸਮਾਜਿਕ ਉਥਾਨ  ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਨੇ ਕਿਹਾ ਕਿ ਜਦੋਂ ਇੱਕ ਬੇਟੀ ਪੜ੍ਹ ਲਿਖ ਕੇ ਇੱਕ ਪੁਲਿਸ ਅਫਸਰ, ਖੇਡਾਂ, ਪਬਲਿਕ ਸੈਕਟਰ, ਹੋਟਲ ਮੈਨੇਜਮੈਂਟ ਅਤੇ ਸਰਕਾਰੀ ਦਫ਼ਤਰਾਂ ਵਿੱਚ ਆਪਣੇ ਅਹੁਦਿਆਂ ਤੇ ਤੈਨਾਤ ਹੁੰਦੀਆਂ ਹਨ ਤਾਂ ਪੂਰੇ ਸਮਾਜ ਨੂੰ ਬਹੁਤ ਗੌਰਵ ਮਹਿਸੂਸ ਹੁੰਦਾ ਹੈ।  ਉਨ੍ਹਾਂ ਕਿਹਾ ਕਿ ਬੇਟੀਆਂ ਦੇ ਸਮਾਜ ਵਿਚ ਬਰਾਬਰ ਅਧਿਕਾਰ ਲਈ ਸਾਨੂੰ ਸਾਰਿਆਂ ਨੂੰ ਸਮਾਜ ਦੀਆਂ ਕੁੱਝ ਬੁਰਾਈਆਂ ਨੂੰ ਦੂਰ ਕਰਨ ਦੀ ਲੋੜ ਹੈ, ਜਿਵੇਂ ਕਿ ਵਿਆਹ ਸ਼ਾਦੀਆਂ ਵਿਚ ਹੁੰਦੀ ਫ਼ਜ਼ੂਲ ਖ਼ਰਚੇ ਨੂੰ ਘਟਾਉਣਾ ਚਾਹੀਦਾ ਹੈ, ਦਹੇਜ ਵਰਗੀਆਂ ਭੈੜੀਆਂ ਕੁਰੀਤੀਆਂ ਤੇ ਨੱਥ ਪਾਉਣੀ ਚਾਹੀਦੀ ਹੈ। ਜੇਕਰ ਸਮਾਜ ਵਿਚੋਂ ਇਹ ਬੁਰਾਈਆਂ ਖ਼ਤਮ ਹੋ ਜਾਣ ਤਾਂ ਕੋਈ ਕੋਈ ਵੀ ਪਰਿਵਾਰ ਭਰੂਣ ਹੱਤਿਆ ਆਦਿ ਕਰਨ ਬਾਰੇ ਸੋਚ ਵੀ ਨਹੀਂ ਸਕੇਗਾ।  ਉਨ੍ਹਾਂ ਕਿਹਾ ਕਿ ਇਨ੍ਹਾਂ ਫ਼ਾਲਤੂ ਦੇ ਖ਼ਰਚਿਆਂ ਤੋਂ ਬੱਚ ਕੇ ਧੀਆਂ ਨੂੰ ਵੱਧ ਤੋਂ ਵੱਧ ਪੜਾਉਣਾ ਲਿਖਾਉਣਾ ਚਾਹੀਦਾ ਹੈ ਤਾਂ ਜੋ ਉਹ ਅੱਗੇ ਜਾ ਕੇ ਕੋਈ ਚੰਗਾ ਮੁਕਾਮ ਹਾਸਲ ਕਰਕੇ ਸਮਾਜ ਵਿਚ ਇੱਕ ਮਿਸਾਲ ਕਾਇਮ ਕਰ ਸਕਣ। ਉਨ੍ਹਾਂ ਕਿਹਾ ਕਿ ਪਰਿਵਾਰ ਵਿਚ ਧੀਆਂ, ਭੈਣਾਂ ਨਾਲ ਹੋਣ ਤਾਂ ਉਹ ਪਰਿਵਾਰ ਕਦੇ ਵੀ ਕਿਸੇ ਮੋੜ ਤੇ ਨਾਕਾਮ ਨਹੀਂ ਹੋ ਸਕਦਾ। ਉਨ੍ਹਾਂ ਨੇ ਧੀਆਂ ਨੂੰ ਸਮਾਜ ਵਿਚ ਫੈਲੀਆਂ ਨਸ਼ੇ ਤੇ ਰਿਸ਼ਵਤ ਵਰਗੀਆਂ ਬੁਰਾਈਆਂ ਨੂੰ ਦੂਰ ਕਰਨ ਲਈ ਵੀ ਪ੍ਰੇਰਿਤ ਕੀਤਾ।
ਇਸ ਮੌਕੇ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਧੀਆਂ ਨੂੰ ਆਪਣੀਆਂ ਬੇਟੀਆਂ ਨਹੀਂ ਬਲਕਿ ਬੇਟੇ ਹੀ ਸਮਝਣਾ ਚਾਹੀਦਾ ਹੈ, ਕਿਉਂਕਿ ਪਰਿਵਾਰ ਦਾ ਜਿਨ੍ਹਾਂ ਖ਼ਿਆਲ ਇੱਕ ਬੇਟੀ ਰੱਖਦੀ ਹੈ ਸ਼ਾਇਦ ਉਨ੍ਹਾਂ ਖ਼ਿਆਲ ਪੁੱਤਰ ਵੀ ਨਹੀਂ ਰੱਖ ਸਕਦੇ। ਉਨ੍ਹਾਂ ਕਿਹਾ ਕਿ ਸਾਡੀਆਂ ਧੀਆਂ ਨੂੰ ਸੁਨੀਤਾ ਵਿਲੀਅਮ ਵਰਗੀਆਂ ਧੀਆਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਅਤੇ ਸਮਾਜ ਵਿੱਚ ਵਧੀਆ ਤੇ ਉੱਚੇ ਮੁਕਾਮ ਹਾਸਲ ਕਰਨ ਲਈ ਸਿਰਤੋੜ ਮਿਹਨਤ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਡੀਆਂ ਧੀਆਂ ਆਪਣੇ ਮਾਤਾ ਪਿਤਾ ਤੋਂ ਇਲਾਵਾ ਆਪਣੇ ਸਹੁਰੇ ਪਰਿਵਾਰ ਦੀ ਵੀ ਲਾਜ ਵਧਾਉਂਦੀਆਂ ਹਨ, ਸਾਨੂੰ ਆਪਣੀਆਂ ਧੀਆਂ ਤੇ ਮਾਣ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦੀਆਂ ਧੀਆਂ ਨੇ ਆਰਮੀ, ਬੀ.ਐੱਸ.ਐੱਫ, ਏਅਰ ਫੋਰਸ ਆਦਿ ਖੇਤਰਾਂ ਵਿੱਚ ਵੱਡੀਆਂ ਉਪਲਬਧੀਆਂ ਹਾਸਲ ਸਾਡੇ ਦੇਸ਼ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ।
ਇਸ ਦੌਰਾਨ ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਅੱਜ ਦੇ ਇਸ ਸਨਮਾਨਿਤ ਸਮਾਰੋਹ ਦੌਰਾਨ ਸਨਮਾਨਿਤ ਹੋਣ ਵਾਲੀਆਂ ਧੀਆਂ ਦੀ ਖ਼ੂਬ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਸਾਨੂੰ ਆਪਣੀਆਂ ਬੇਟੀਆਂ ਤੇ ਮਾਣ ਹੈ ਜਿਨ੍ਹਾਂ ਨੇ ਵੱਡੇ-ਵੱਡੇ ਮੁਕਾਮ ਹਾਸਲ ਕਰਕੇ ਸਾਡੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਡੀਆਂ ਹੋਰਨਾਂ ਬੇਟੀਆਂ ਨੂੰ ਵੀ ਇਹੋ ਜਿਹੀਆਂ ਬੇਟੀਆਂ ਤੋਂ ਪ੍ਰੇਰਨਾ ਲੈ ਕੇ ਖੇਡਾਂ, ਸਿੱਖਿਆ, ਸਰਕਾਰੀ ਦਫ਼ਤਰਾਂ, ਪੁਲਿਸ ਅਫ਼ਸਰਾਂ ਆਦਿ ਵੱਖ ਵੱਖ ਖੇਤਰਾਂ ਵਿਚ ਅੱਗੇ ਆਉਣਾ ਚਾਹੀਦਾ ਹੈ।
ਪ੍ਰੋਗਰਾਮ ਦੇ ਅੰਤ ਵਿਚ ਮੁੱਖ ਮਹਿਮਾਨ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਮੁੱਖ ਭੂਮਿਕਾ ਨਿਭਾ ਰਹੀਆਂ 48 ਮਹਿਲਾਵਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਤੋਂ ਇਲਾਵਾ ਕੈਬਨਿਟ ਮੰਤਰੀ ਵੱਲੋਂ ਬੇਟੀ ਬਚਾਓ ਬੇਟੀ ਪੜਾਓ’ ਮੁਹਿੰਮ ਤਹਿਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਬਣਾਈ ਗਈ ਮੇਰੀ ਪਹਿਚਾਣ ਧੀਆਂ ਫਿਰੋਜ਼ਪੁਰ ਦੀਆਂ ਗੈਲਰੀ  ਦਾ ਉਦਘਾਟਨ ਕੀਤਾ ਗਿਆ। ਇਸ ਗੈਲਰੀ ਵਿੱਚ ਜ਼ਿਲ੍ਹੇ ਦੀਆਂ ਹੋਣਹਾਰ ਅਤੇ ਕਾਮਯਾਬ ਲੜਕੀਆਂ ਨੂੰ ਕਾਮਯਾਬੀ ਅਤੇ ਨਾਮ ਸਮੇਤ ਦਰਸਾਇਆ ਗਿਆ ਹੈ।
ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਵੱਲੋਂ ਅਨਾਥਆਲਿਆ ਫਿਰੋਜ਼ਪੁਰ ਛਾਉਣੀ ਵਿਖੇ ਪਹੁੰਚ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 550 ਬੂਟੇ ਲਗਾਏ ਗਏ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਵਾਤਾਵਰਨ ਨੂੰ ਹਰਿਆ ਭਰਿਆ ਤੇ ਸਾਫ਼ ਸੁਥਰਾ ਰੱਖਣ ਲਈ ਜਿੱਥੇ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ, ਉੱਥੇ ਇਨ੍ਹਾਂ ਦੀ ਸਾਂਭ ਸੰਭਾਲ ਰੱਖਣੀ ਵੀ ਸਾਡੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਅਜਿਹੇ ਬੂਟੇ ਲਗਾਉਣੇ ਚਾਹੀਦੇ ਹਨ ਜੋ ਕਿ ਘੱਟ ਪਾਣੀ ਨਾਲ ਵੀ ਵਧੀਆ ਵੱਧ ਫੁਲ ਸਕਣ। ਇਸ ਦੌਰਾਨ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਉਨ੍ਹਾਂ ਦੇ ਹਲਕੇ ਵਿਚ ਜਿਨ੍ਹੇ ਵੀ ਬੂਟੇ ਲਗਾਏ ਜਾਣਗੇ, ਉਨ੍ਹਾਂ ਸਾਰਿਆਂ ਦੀ ਦੇਖਭਾਲ ਵੀ ਪੂਰੀ ਜ਼ਿੰਮੇਵਾਰੀ ਨਾਲ ਕੀਤੀ ਜਾਵੇਗੀ। ਇਸ ਦੌਰਾਨ ਕੈਬਨਿਟ ਮੰਤਰੀ ਵੱਲੋਂ ਵਿਦਿਆਲਿਆ ਲਈ 2 ਲੱਖ ਰੁਪਏ ਦੀ ਗਰਾਂਟ ਦੇਣ ਦਾ ਵੀ ਐਲਾਨ ਕੀਤਾ ਗਿਆ।
੍ਰ ਇਸ ਮੌਕੇ ਐੱਸ.ਐੱਸ.ਪੀ. ਸ੍ਰੀ. ਸੰਦੀਪ ਗੋਇਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰ. ਰਵਿੰਦਰਪਾਲ ਸਿੰਘ, ਡੀ.ਆਈ.ਜੀ. (ਜੇਲ੍ਹਾਂ) ਸ੍ਰ. ਸੁਰਿੰਦਰ ਸਿੰਘ ਸੈਨੀ,  ਐੱਸ.ਡੀ.ਐੱਮ. ਸ੍ਰੀ. ਅਮਿਤ ਗੁਪਤਾ, ਤਹਿਸੀਲਦਾਰ ਸ੍ਰ. ਮਨਜੀਤ ਸਿੰਘ, ਜ਼ਿਲ੍ਹਾ ਸਿੱਖਿਆ ਅਫਸਰ ਸ੍ਰ. ਨੇਕ ਸਿੰਘ, ਜ਼ਿਲ੍ਹਾ ਪ੍ਰੋਗਰਾਮ ਅਫਸਰ ਸ੍ਰੀਮਤੀ ਰਤਨਦੀਪ ਸੰਧੂ, ਐੱਸ.ਪੀ. ਮਨਵਿੰਦਰ ਸਿੰਘ, ਪ੍ਰਿੰਸੀਪਲ ਡਾ. ਸਤਨਾਮ ਕੌਰ, ਫੋਰਸਟ ਅਫਸਰ ਕਨਵਰਦੀਪ ਸਿੰਘ, ਰੇਂਜ ਅਫਸਰ ਤਰਸੇਮ ਸਿੰਘ ਘਾਰੂ, ਡਿਪਟੀ ਡੀ.ਈ.ਓ. ਸੁਖਵਿੰਦਰ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਸਕੂਲਾਂ ਦੇ ਵਿਦਿਆਰਥੀ ਅਤੇ ਹਲਕਾ ਨਿਵਾਸੀ ਵੀ ਹਾਜ਼ਰ ਸਨ।

End Ad