ਨਵੀਂ ਤਕਨੀਕ ਤੇ ਖੋਜ ਨੂੰ ਅਪਣਾਉਣਾ ਖੇਤੀਬਾੜੀ ਕਿੱਤੇ ਦੀ ਮੁੱਖ ਲੋੜ- ਸੰਧੂ

480
Start Ad

ਗੁਰਦਾਸਪੁਰ 12  ਮਾਰਚ।  ਯੰਗ ਪ੍ਰੋਗਰੈਸਿਵ ਫਾਰਮਰਜ਼ ਪ੍ਰੋਡਿਊਸਰ ਸੰਗਠਨ ਅਤੇ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਪੀ ਐਚ ਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਵਲੋਂ ਪਿੰਡ ਸਹਾਰੀ ਵਿੱਚ ਅਗਾਂਹਵਧੂ ਕਿਸਾਨ ਸੁਧੀਰ ਸਿੰਘ ਬਾਊ ਦੇ ਫਾਰਮ ਵਿਖੇ ਮਨਾਇਆ ਗਿਆ। ਅਵਤਾਰ ਸਿੰਘ ਸੰਧੂ ਅਤੇ ਪਲਵਿੰਦਰ ਸਿੰਘ ਦੇ ਪ੍ਰਬੰਧਾਂ ਹੇਠ ਮਨਾਏ ਖੇਤ ਦਿਵਸ ਦਾ ਮੁੱਖ ਮਕਸਦ
ਝੋਨੇ ਦੀ ਪਰਾਲੀ ਨੂੰ ਅੱਗ ਲਗਾਏ ਬਗੈਰ ਹੈਪੀ ਸੀਡਰ (ਪ੍ਰੈਸ ਵੀਲ) ਨਾਲ ਬੀਜੀ ਗਈ ਕਣਕ ਦੇ ਪ੍ਰਦਰਸ਼ਨੀ ਪਲਾਟ ਸਬੰਧੀ ਜਾਣਕਾਰੀ ਦੇਣੀ ਸੀ।ਜਿਕਰਯੋਗ ਹੈ ਕਿ ਯੰਗ ਇਨੋਵੇਟਿਵ ਸਮੂਹ ਵਲੋਂ ਖੋਲ੍ਹੇ ਖੇਤੀ ਮਸ਼ੀਨਰੀ ਬੈਂਕ ਵਲੋਂ  ਹੈਪੀ ਸੀਡਰ (ਪ੍ਰੈਸ ਵੀਲ )ਨਾਲ ਤਕਰੀਬਨ 700 ਏਕੜ ਰਕਬੇ ਵਿਚ ਕਣਕ ਦੀ ਬਿਜਾਈ ਪਰਾਲੀ ਨੂੰ ਸਾੜੇ ਬਗੈਰ ਕੀਤੀ ਗਈ ਹੈ। ਖੇਤ ਦਿਵਸ ਮੌਕੇ ਜ਼ਿਲੇ ਭਰ ਤੋਂ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਭਾਗ ਲਿਆ।ਖੇਤ ਦਿਵਸ ਮੌਕੇ ਜਗਵਿੰਦਰਜੀਤ ਸਿੰਘ ਸੰਧੂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਡਾ ਸਵਰੂਪ ਕੁਮਾਰ ਮੁੱਖ ਖੇਤੀਬਾੜੀ ਅਫਸਰ ,ਡਾ ਅਮਰੀਕ ਸਿੰਘ ਸਹਾਇਕ ਮੰਡੀਕਰਨ ਅਫਸਰ ,ਡਾ ਸ਼ਾਹਬਾਜ ਸਿੰਘ ਚੀਮਾ ਖੇਤੀਬਾੜੀ ਵਿਕਾਸ ਅਫਸਰ,ਡਾ ਜਸਬੀਰ ਸਿੰਘ ਖੇਤੀ ਮਸ਼ੀਨਰੀ ਮਾਹਿਰ ,ਡਾ ਰਜਿੰਦਰ ਸਿੰਘ ਬਲਾਕ ਖੇਤੀਬਾੜੀ ਅਫ਼ਸਰ,ਸ੍ਰੀਮਤੀ ਰਮਨੀਤ ਕੌਰ ,ਪੰਜਾਬ ਊਰਜਾ ਵਿਕਾਸ ਏਜੰਸੀ ਦੇ ਅਧਿਕਾਰੀ ਵੀ ਮੋਜੂਦ ਸਨ।
ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੰਧੂ ਨੇ ਕਿਹਾ ਕਿ ਪਰਾਲੀ ਨੂੰ ਅੱਗ ਨਾ ਲਾਉਣ ਨਾਲ ਜਿਥੇ ਧਰਤੀ ਦੀ ਉਪਜਾਊ ਸ਼ਕਤੀ ਬਣੀ ਰਹਿੰਦੀ ਹੈ ਉਸ ਦੇ ਨਾਲ ਨਾਲ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਵੀ ਸਹਾਈ ਹੁੰਦਾ ਹੈ। ਉਨਾਂ ਦੱਸਿਆ ਕਿ ਪਰਾਲੀ ਨੂੰ ਅੱਗ ਲਾਉਣ ਦੇ ਬਹੁਤ ਨਕਸਾਨ ਹਨ। ਇਸ ਲਈ ਕਿਸਾਨ ਹੈਪੀ ਸੀਡਰ (ਪ੍ਰੈਸ ਵੀਲ)ਦੀ ਵਰਤੋਂ ਨਾਲ ਝੋਨੇ ਦੀ ਪਰਾਲੀ ਨੂੰ ਸਾੜੇ ਬਗੈਰ ਕਣਕ ਦੀ ਫਸਲ ਦੀ ਬਿਜਾਈ ਕਰਨ। ਉਨਾਂ ਕਿਹਾ ਕਿ ਖੇਤੀਬਾੜੀ ਨੂੰ ਲਾਹੇਵੰਦ ਕਿੱਤਾ ਬਣਾਉਣ ਲਈ ਨਵੀਂ ਤਕਨੀਕ ਤੇ ਖੋਜ ਨੂੰ ਅਪਣਾਉਣਾ ਸਮੇਂ ਮੁੱਖ ਲੋੜ ਹੈ ਅਤੇ ਆਉਣ ਵਾਲੀ ਪੀੜ੍ਹੀ ਦੇ ਭਵਿੱਖ ਲਈ ਸਾਨੂੰ ਸਮੇਂ ਦਾ ਹਾਣੀ ਬਣਨਾ ਪਵੇਗਾ।ਸ੍ਰੀ ਸੰਧੂ ਨੇ ਅੱਗੇ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਪਿੰਡ ਸਹਾਰੀ ਵਿਖੇ ਖੇਤੀ ਮਸ਼ੀਨਰੀ ਬੈਂਕ ਖੋਲਣ ਨੂੰ ਉਤਸ਼ਾਹਿਤ ਕਰਨ ਲਈ ਯੰਗ ਇੰਨੋਵੇਟਿਵ ਕਿਸਾਨ ਉਤਪਾਦਕ ਸੰਗਠਨ ਨੂੰ ਖੇਤੀ ਮਸ਼ੀਨਰੀ ਬੈਂਕ ਖੋਲਣ ਲਈ ਮਨਜ਼ੂਰੀ ਦਿੱਤੀ ਗਈ ਹੈ। ਇਹ ਮਸ਼ੀਨਰੀ ਬੈਂਕ ਜ਼ਿਲਾ ਗੁਰਦਾਸਪੁਰ ਦੇ ਵੱਖ-ਵੱਖ ਪਿੰਡਾਂ ਨਾਲ ਸੰਬੰਧਤ 15 ਨੌਜਵਾਨ ਕਿਸਾਨਾਂ ਵੱਲੋਂ ਬਣਾਏ ਕਿਸਾਨ ਉਤਪਾਦਕ ਸੰਗਠਨ ਵੱਲੋਂ ਇਹ ਮਸ਼ੀਨਰੀ ਬੈਂਕ ਖੋਲਿਆ ਗਿਆ ਹੈ। ਇਸ ਮਸ਼ੀਨਰੀ ਬੈਂਕ ਵਿੱਚ ਖੇਤੀਬਾੜੀ ਨਾਲ ਸੰਬੰਧਤ ਹਰ ਤਰਾਂ ਦੀ ਮਸ਼ੀਨਰੀ ਕਿਰਾਏ ਤੇ ਦੇਣ ਲਈ ਉਪਲਬਧ ਹੈ , ਇਥੋਂ ਕੋਈ ਵੀ ਕਿਸਾਨ ਸੰਦ ਕਿਰਾਏ ਤੇ ਲੈ ਕੇ ਫਸਲਾਂ ਦੀ ਕਾਸ਼ਤ ਕਰ ਸਕਦਾ ਹੈ। ਉਨਾਂ ਕਿਸਾਨਾਂ ਨੂੰ ਖੇਤੀ ਜਿਣਸਾਂ ਦੇ ਮੰਡੀਕਰਨ ਸਮੇਂ ਮੰਡੀ ਵਿਚ ਵਧੇਰੇ ਸੁਚੇਤ ਰਹਿਣ ਦੀ ਅਪੀਲ ਕੀਤੀ।
ਸਮਾਗਮ ਦੌਰਾਨ ਮੁੱਖ ਖੇਤਬਾੜੀ ਅਫਸਰ ਨੇ ਦੱਸਿਆ ਕਿ ਮਸ਼ੀਨਰੀ ਬੈਂਕ ਦਾ ਕਿਸਾਨਾਂ ਨੂੰ ਵੱਧ ਤੋਂ ਲਾਹਾ ਲੈਣਾ ਚਾਹੀਦਾ ਹੈ। ਇਸ ਖੇਤੀ ਮਸ਼ੀਨਰੀ ਬੈਂਕ ਵੱਲੋਂ ਹੈਪੀ ਸੀਡਰ ਨਾਲ ਤਕਰੀਬਨ 750 ਏਕੜ ਰਕਬੇ ਵਿਚ ਕਣਕ ਦੀ ਬਿਜਾਈ ਪਰਾਲੀ ਨੂੰ ਸਾੜੇ ਬਗੈਰ ਕੀਤੀ ਗਈ ਹੈ। ਇਹ ਮਸ਼ੀਨਰੀ ਬੈਂਕ ਨੋਜਵਾਨ ਪ੍ਰਗਤੀਸ਼ੀਲ ਕਿਸਾਨ ਉਤਪਾਦਕ ਸੰਗਠਨ ਵਲੋਂ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ ਖੋਲਿਆ ਗਿਆ ਹੈ।
ਸਮਾਗਮ ਦੌਰਾਨ ਡਾ ਜਸਬੀਰ ਸਿੰਘ ਗਿੱਲ ਨੇ ਝੋਨੇ ਦੀ ਪਰਾਲੀ ਸਾੜੇ ਬਗੈਰ ਕਣਕ ਦੀ ਬਿਜਾਈ ਹੈਪੀ ਸੀਡਰ (ਪ੍ਰੈਸ ਵੀਲ) ਨਾਲ ਕਰਨ ਬਾਰੇ,ਡਾ ਅਮਰੀਕ ਸਿੰਘ ਨੇ ਖੇਤੀ ਜਿਣਸਾਂ ਦੇ ਸਿਧੇ ਮੰਡੀਕਰਨ ਦੀ ਮਹੱਤਤਾ ਬਾਰੇ,ਡਾ ਸ਼ਾਹਬਾਜ ਸਿੰਘ ਚੀਮਾ ਨੇ ਕਣਕ ਅਤੇ ਝੋਨੇ ਦੇ ਸੁਚੱਜੇ ਮੰਡੀਕਰਨ ਸਮੇਂ ਧਿਆਨ ਰੱਖਣ ਯੋਗ ਨੁਕਤਿਆਂ ਬਾਰੇ, ਪ੍ਰਣਵ ਮਹਾਜਨ ਨੇ ਸੂਰਜੀ ਊਰਜਾ ਅਤੇ ਬਾਇਓ ਗੈਸ ਪਲਾਂਟ ਦੀ ਮਹੱਤਤਾ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿਤੀ। ਅਵਤਾਰ ਸਿੰਘ ਸੰਧੂ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਝੋਨੇ ਦੀ ਪਰਾਲੀ ਸਾੜੇ ਬਗੈਰ ਕਣਕ ਦੀ ਬਿਜਾਈ ਲਈ ਕਟਰ ਕੱਮ ਸ਼ਰੇਡਰ ਨਾਲ ਇਕਸਾਰ ਖਿਲਾਰ ਕੇ ਹੈਪੀ ਸੀਡਰ(ਪ੍ਰੈਸ ਵੀਲ) ਨਾਲ ਸਫਲਤਾ ਪੂਰਵਕ ਕੀਤੀ ਜਾ ਸਕਦੀ ਹੈ। ਸ੍ਰੀ ਮਤੀ ਰਮਨੀਤ ਕੌਰ ਨੇ ਪੀ ਐਚ ਡੀ ਚੈਂਬਰ ਆਫ ਕਾਮਰਸ ਅਤੇ ਇੰਡਸਟਰੀ ਦੀਆਂ ਗਤਿਵਿਧਿਆਂ ਬਾਰੇ ਦੱਸਿਆ।ਸਟੇਜ ਸਕੱਤਰ ਦੀ ਭੂਮਿਕਾ ਗੁਰਬਿੰਦਰ ਸਿੰਘ ਬਾਜਵਾ ਨੇ ਬਾਖੂਬੀ ਨਿਭਾਈ ।
ਇਸ ਮੌਕੇ ਸਰਵ ਦਿਲਬਾਗ ਸਿੰਘ ਬੀ ਟੀ ਐਮ,ਅਰਜਿੰਦਰ ਸਿੰਘ ਸੰਧੂ,ਹਰਪ੍ਰੀਤ ਕੌਰ ਖੇਤੀ ਉਪ ਨਿਰੀਖਕ,ਸ੍ਰੀ ਸੁਧੀਰ ਸਿੰਘ ,ਹਰਪ੍ਰੀਤ ਸਿੰਘ,ਗੁਰਜਿੰਦਰ ਸਿੰਘ ਸ਼ੇਖੂਪੁਰਾ, ਕੁਲਦੀਪ ਸਿੰਘ ਕਾਹਲੋਂ,ਕੁਲਦੀਪ ਸਿੰਘ,ਮੱਖਣ ਸਿੰਘ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਹਾਜਰ ਸਨ।

End Ad