ਫਿਰੋਜ਼ਪੁਰ ਸਮੇਤ 6 ਜ਼ਿਲ੍ਹਿਆਂ ਵਿਚ 9 ਫਰਵਰੀ ਤੋਂ ਲਾਗੂ ਹੋਵੇਗੀ ਜ਼ਮੀਨ-ਜਾਇਦਾਦਾਂ ਦੀ ਆਨਲਾਈਨ ਰਜਿਸਟਰੀ

463
Start Ad

ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਸਕੱਤਰ ਮਾਲ ਡਾ: ਐਸ.ਕੇ ਰਾਜੂ।

ਫਿਰੋਜ਼ਪੁਰ, 25 ਜਨਵਰੀ (ਸਤਬੀਰ ਬਰਾੜ) 9 ਫਰਵਰੀ ਤੋਂ ਫਿਰੋਜ਼ਪੁਰ, ਫ਼ਰੀਦਕੋਟ, ਫ਼ਾਜ਼ਿਲਕਾ, ਸ਼੍ਰੀ ਮੁਕਤਸਰ ਸਾਹਿਬ, ਮੋਗਾ ਅਤੇ ਬਠਿੰਡਾ ਜ਼ਿਲ੍ਹਿਆਂ ਵਿਚ ਜ਼ਮੀਨ ਦੀ ਆਨ-ਲਾਈਨ ਰਜਿਸਟਰੀ ਸ਼ੁਰੂ ਹੋਵੇਗੀ, ਜਦਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੁਹਾਲੀ ਵਿਖੇ ਇਹ ਪ੍ਰਾਜੈਕਟ ਪੂਰੀ ਸਫਲਤਾ ਨਾਲ ਚੱਲ ਰਿਹਾ ਹੈ। ਇਹ ਜਾਣਕਾਰੀ ਸਕੱਤਰ ਮਾਲ ਡਾ: ਐਸ.ਕੇ ਰਾਜੂ ਨੇ ਫਿਰੋਜ਼ਪੁਰ ਵਿਖੇ ਉਕਤ ਜ਼ਿਲ੍ਹਿਆਂ ਦੇ ਮਾਲ ਅਫ਼ਸਰ, ਡੀ.ਐਸ.ਐਮਜ਼, ਡੀ.ਆਈ.ਓਜ ਆਦਿ ਨਾਲ ਵਿਸ਼ੇਸ਼ ਮੀਟਿੰਗ ਮੌਕੇ ਦਿੱਤੀ । ਇਸ ਮੌਕੇ ਐਸ.ਕੇ ਰਾਜੂ ਸਕੱਤਰ ਮਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜ਼ਮੀਨ-ਜਾਇਦਾਦਾਂ ਦੀ ਖ਼ਰੀਦ ਤੇ ਵੇਚ ਵਿੱਚ ਪੂਰੀ ਤਰ੍ਹਾਂ ਪਾਰਦਰਸ਼ਤਾ ਲਿਆਉਣ ਅਤੇ ਲੋਕਾਂ ਨੂੰ ਬਿਹਤਰੀਨ ਸੁਵਿਧਾਵਾਂ ਦੇਣ ਲਈ ਆਨਲਾਈਨ ਰਜਿਸਟਰੀ ਸੇਵਾ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਤਹਿਤ ਹੀ ਜ਼ਿਲ੍ਹਾ ਫਿਰੋਜ਼ਪੁਰ, ਫ਼ਰੀਦਕੋਟ, ਮੁਕਤਸਰ, ਫ਼ਾਜ਼ਿਲਕਾ, ਸ਼੍ਰੀ ਮੁਕਤਸਰ ਸਾਹਿਬ, ਮੋਗਾ ਅਤੇ ਬਠਿੰਡਾ ਜ਼ਿਲ੍ਹੇ ਦੀਆਂ ਤਹਿਸੀਲਾਂ ਅਤੇ ਉਪ ਤਹਿਸੀਲਾਂ ਵਿਚ 9 ਫਰਵਰੀ 2018 ਤੋਂ ਜ਼ਮੀਨ-ਜਾਇਦਾਦ ਦੀ ਖ਼ਰੀਦ ਵੇਚ ਸਮੇਂ ਹੋਣ ਵਾਲੀ ਰਜਿਸਟਰੀ ਹੁਣ ਆਨਲਾਈਨ ਹੋਇਆ ਕਰੇਗੀ। ਉਨ੍ਹਾਂ ਦੱਸਿਆ ਕਿ ਆਨਲਾਈਨ ਰਜਿਸਟਰੀ ਦਾ ਤਰੀਕਾ ਬਹੁਤ ਹੀ ਆਸਾਨ ਹੋਵੇਗਾ। ਉਨ੍ਹਾਂ ਨੇ ਦੱਸਿਆ ਕਿ ਆਨਲਾਈਨ ਰਜਿਸਟਰੀ ਕਰਨ ਨਾਲ ਜਦੋਂ ਰਜਿਸਟਰੀ ਸਬੰਧੀ ਜ਼ਮੀਨ ਦੇ ਵੇਰਵੇ ਆਨਲਾਈਨ ਦਰਜ ਕੀਤੇ ਜਾਣਗੇ ਤਾਂ ਆਨਲਾਈਨ ਸਾਫ਼ਟਵੇਅਰ ਆਪਣੇ ਆਪ ਬਣਦੀ ਸਟੈਂਪ ਡਿਊਟੀ, ਰਜਿਸਟਰੇਸ਼ਨ ਫ਼ੀਸ, ਕੁਲੈਕਟਰ ਰੇਟ ਤੇ ਆਧਾਰਿਤ ਫ਼ੀਸ ਨਿਰਧਾਰਿਤ ਕਰੇਗਾ। ਇਸ ਪ੍ਰਕ੍ਰਿਆ ਲਈ ਜਾਇਦਾਦ ਖ਼ਰੀਦਣ ਅਤੇ ਵੇਚਣ ਵਾਲੇ ਦੋਹਾਂ ਦਾ ਅਧਾਰ ਨੰਬਰ ਅਤੇ ਮੋਬਾਈਲ ਨੰਬਰ ਵੀ ਸੌਦੇ ਸਮੇਂ ਦਰਜ ਹੋਵੇਗਾ, ਜਿਸ ਨਾਲ ਰਜਿਸਟਰੀ ਲਈ ਨਿਰਧਾਰਿਤ ਹੋਇਆ ਸਮਾਂ ਅਤੇ ਪ੍ਰਕ੍ਰਿਆ ਮੁਕੰਮਲ ਹੋਣ ਬਾਰੇ ਸੰਬੰਧਿਤ ਵਿਅਕਤੀ ਨੂੰ ਮੋਬਾਈਲ ਸੰਦੇਸ਼ ਹਾਸਲ ਹੋਇਆ ਕਰੇਗਾ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਨ ਲਾਈਨ ਰਜਿਸਟਰੀ ਪ੍ਰਾਜੈਕਟ ਦੇ ਲਾਗੂ ਹੋਣ ਨਾਲ ਜਿੱਥੇ ਜ਼ਮੀਨ ਜਾਇਦਾਦ ਦੀ ਖ਼ਰੀਦ ਵੇਚ ਦੀ ਪ੍ਰਕ੍ਰਿਆ ਪੁਰੀ ਪਾਰਦਰਸ਼ੀ ਹੋ ਜਾਵੇਗੀ ਅਤੇ ਉੱਥੇ ਇਸ ਨਾਲ ਲੋਕਾਂ ਦੀਆਂ ਮੁਸ਼ਕਲਾਂ ਵੀ ਘਟਣਗੀਆਂ, ਜਿਨ੍ਹਾਂ ਨੂੰ ਰਜਿਸਟਰੀ ਲਈ ਮਾਲ ਵਿਭਾਗ ਦੇ ਵੱਖ-ਵੱਖ ਦਫ਼ਤਰਾਂ ਵਿੱਚ ਵਾਰ-ਵਾਰ ਗੇੜੇ ਕੱਢਣੇ ਪੈਂਦੇ ਸਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ, ਨਮਨ ਮਾਰਕਨ ਜੀ.ਏ ਅਤੇ ਵੱਖ-ਵੱਖ ਜ਼ਿਲ੍ਹਿਆਂ ਦੇ ਮਾਲ ਵਿਭਾਗ ਦੇ ਅਧਿਕਾਰੀ ਵੀ ਹਾਜ਼ਰ ਸਨ।

End Ad