ਮੀਜਲ, ਰੁਬੇਲਾ ਬਿਮਾਰੀਆਂ ਦੇ ਟੀਕਾਕਰਨ ਦੀ ਸ਼ੁਰੂਆਤ ਮਈ 2018 ਤੋਂ ਹੋਵੇਗੀ

538
Start Ad
ਫ਼ਿਰੋਜ਼ਪੁਰ 19 ਅਪ੍ਰੈਲ-ਪੰਜਾਬ ਸਰਕਾਰ ਵੱਲੋਂ ਮਿਸ਼ਨ ਇੰਦਰਧਨੁਸ਼ 23 ਅਪ੍ਰੈਲ ਤੋਂ 27 ਅਪ੍ਰੈਲ 2018 ਤੱਕ ਮਨਾਇਆ ਜਾ ਰਿਹਾ ਹੈ। ਇਸ ਮਿਸ਼ਨ ਤਹਿਤ 0 ਤੋਂ 2 ਸਾਲ ਦੀ ਉਮਰ ਦੇ ਬੱਚੇ ਜਿਨ੍ਹਾਂ ਦਾ ਸੰਪੂਰਨ ਟੀਕਾਕਰਨ ਨਹੀਂ ਹੋਇਆ ਉਨ੍ਹਾਂ ਦਾ ਟੀਕਾਕਰਨ ਕੀਤਾ ਜਾਵੇਗਾ।  ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਆਈ.ਏ.ਐਸ. ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ  ਕੀਤੀ ਗਈ ਮੀਟਿੰਗ ਦੌਰਾਨ ਦਿੱਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਅਧੀਨ ਆਉਂਦੇ ਬਲਾਕਾਂ ਦੇ ਕੁੱਲ 434 ਬੱਚੇ ਅਜਿਹੇ ਹਨ ਜਿਨ੍ਹਾਂ ਦਾ ਸੰਪੂਰਨ ਟੀਕਾਕਰਨ ਨਹੀਂ ਹੋਇਆ, ਉਨ੍ਹਾਂ ਬੱਚਿਆ ਦਾ ਟੀਕਾਕਰਨ ਇਸ ਪ੍ਰੋਗਰਾਮ ਅਧੀਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਕੁੱਲ 92   ਗਰਭਵਤੀ ਮਹਿਲਾਵਾਂ ਦਾ ਟੀਕਾਕਰਨ ਸੰਪੂਰਨ  ਨਹੀਂ ਹੋਇਆ ਉਨ੍ਹਾਂ ਦਾ ਟੀਕਾਕਰਨ ਵੀ ਇੰਦਰਧਨੁਸ਼ ਮਿਸ਼ਨ ਅਧੀਨ ਕੀਤਾ ਜਾਵੇਗਾ।  ।
ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੀਜ਼ਲ ਦੇ ਖ਼ਾਤਮੇ ਅਤੇ ਰੁਬੇਲਾ ਨੂੰ ਕੰਟਰੋਲ ਕਰਨ ਲਈ ਟੀਕਾਕਰਨ ਦੀ ਮੁਹਿੰਮ ਮਈ 2018 ਵਿੱਚ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮੀਜ਼ਲ ਇੱਕ ਘਾਤਕ ਬਿਮਾਰੀ ਹੈ ਜਿਸ ਨਾਲ ਬਹੁਤ ਸਾਰੇ ਬੱਚਿਆਂ ਦੀਆਂ ਮੌਤਾਂ ਹੋ ਜਾਂਦੀਆਂ ਹੈ ਤੇ ਰੁਬੇਲਾ ਦੀ ਬਿਮਾਰੀ ਨਾਲ ਬੱਚੇ ਮਾਂ ਦੇ ਪੇਟ ਅੰਦਰ ਹੀ ਮਰ ਜਾਂਦੇ ਹਨ ਜਾਂ ਕਈ ਕਿਸਮ ਦੇ ਜਮਾਂਦਰੂ ਨੁਕਸ ਨਾਲ ਪੈਦਾ ਹੁੰਦੇ ਹਨ ਜਿਨ੍ਹਾਂ ਦਾ ਪਾਲਣ ਪੋਸ਼ਣ ਕਰਨਾ ਮਾਪਿਆਂ ਲਈ ਸਾਰੀ ਉਮਰ ਦੀ ਸਮੱਸਿਆ ਬਣ ਜਾਂਦਾ ਹੈ।  ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਅਤੇ ਹੋਰਨਾਂ ਵਿਭਾਗਾਂ ਦੇ ਹਾਜ਼ਰ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਇਸ ਮਿਸ਼ਨ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਿਆ ਜਾਵੇ ਅਤੇ ਸਬੰਧਿਤ ਕੰਮਾਂ ਨੂੰ ਪੂਰੀ ਜ਼ਿੰਮੇਵਾਰੀ ਤੇ ਇਮਾਨਦਾਰੀ ਨਾਲ ਕੀਤਾ ਜਾਵੇ।
ਇਸ ਮੌਕੇ ਸਹਾਇਕ ਸਿਵਲ ਸਰਜਨ ਮੈਡਮ ਰੇਨੂ ਸਿੰਗਲਾ, ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀ ਪ੍ਰਦੀਪ ਸ਼ਰਮਾ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਮੀਨਾਕਸ਼ੀ, ਜ਼ਿਲ੍ਹਾ ਇੰਮੋਨਾਈਜੇਸ਼ਨ ਕੋਆਰਡੀਨੇਟਰ ਮੈਡਮ ਜੋਤੀ ਮੌਂਗਾ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ
End Ad