ਮੱਖੂ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ 745 ਮਰੀਜ਼ਾਂ ਦੀ ਕੀਤੀ ਸਿਹਤ ਜਾਂਚ

76
Start Ad

ਫਿਰੋਜ਼ਪੁਰ 30 ਅਗਸਤ :  ਫਿਰੋਜ਼ਪੁਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਲੋਕਾਂ ਨੂੰ ਸਿਹਤਮੰਦ ਰੱਖਣ ਲਈ ਵਿਸ਼ੇਸ਼ ਯਤਨ ਜਾਰੀ ਹਨ। ਜ਼ਿਲ੍ਹੇ ਦੇ ਸਿਹਤ ਵਿਭਾਗ ਵੱਲੋਂ ਪਿਛਲੇ 10 ਦਿਨਾਂ ਦੌਰਾਨ ਮੱਖੂ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ 745 ਤੋਂ ਵੱਧ ਮਰੀਜ਼ਾਂ ਦੀ ਸਿਹਤ ਜਾਂਚ ਕੀਤੀ ਗਈ ਹੈ ਅਤੇ ਲੋੜਵੰਦਾਂ ਨੂੰ ਮੌਕੇ ‘ਤੇ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ ਹਨ।

ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹੇ ਦੇ ਸਿਵਲ ਸਰਜਨ ਡਾ. ਹਰੀ ਨਰਾਇਣ ਨੇ ਦੱਸਿਆ ਕਿ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਸਿਹਤਮੰਦ ਰੱਖਣ ਲਈ ਹੁਣ ਤੱਕ 17 ਮੈਡੀਕਲ ਜਾਂਚ ਕੈਂਪ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤਾਂ ‘ਚ ਲੋਕਾਂ ਨੂੰ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਸੁਰੱਖਿਅਤ ਰੱਖਣਾ ਹੀ ਸਾਡੀ ਮੁੱਖ ਤਰਜ਼ੀਹ ਹੈ। ਉਨ੍ਹਾਂ ਦੱਸਿਆ ਕਿ ਇਹ ਸਾਰੇ ਕੈਂਪ ਐਸ.ਐਮ.ਓ ਡਾ. ਸੰਦੀਪ ਗਿੱਲ ਦੀ ਦੇਖ-ਰੇਖ ਹੇਠ ਲਗਾਏ ਗਏ ਹਨ, ਜੋ ਮੱਖੂ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਲੋਕਾਂ ਦੀਆਂ ਸਿਹਤ ਸੇਵਾਵਾਂ ਨੂੰ ਯਕੀਨੀ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਟੀਮਾਂ ਵੱਲੋਂ ਸਿਹਤ ਜਾਂਚ ਅਗਲੇ ਦਿਨਾਂ ਦੌਰਾਨ ਵੀ ਜਾਰੀ ਰਹੇਗੀ।

ਸਿਵਲ ਸਰਜਨ ਨੇ ਦੱਸਿਆ ਕਿ ਇਹ ਕੈਂਪ ਪਿੰਡ ਮਹਿਮੂਦ ਵਾਲਾ, ਭੂਪੇਵਾਲੀ, ਖੰਨਾ ਬੰਦ, ਵਾਰਾ ਕਾਲੀ ਰਾਓ, ਲਾਲੂ ਵਾਲਾ, ਤਾਰੇ ਵਾਲਾ ਬੰਦ, ਮਨੂੰ ਮਾਛੀ, ਟਿੱਬੀ ਰਾਹਗਾ, ਰੁਕਨੇ ਵਾਲਾ, ਅਰਜ਼ੀ ਸਬਰਾਂ, ਆਲੇ ਵਾਲਾ ਬੰਦ, ਮਹਿਲੇ ਵਾਲਾ ਬੰਦ, ਗਰੇਵਾਲਾਂ, ਗੱਟੇ ਵਾਲਾ ਅਤੇ ਜਮਲੇ ਵਾਲਾ ਆਦਿ ਪਿੰਡਾਂ ‘ਚ ਲਗਾਏ ਗਏ ਹਨ, ਜਿੱਥੇ 745 ਮਰੀਜ਼ ਦਾ ਦਸਤ, ਬੁਖ਼ਾਰ, ਅਤੇ ਚਮੜੀ ਨਾਲ ਸਬੰਧਤ ਬਿਮਾਰੀਆਂ ਦਾ ਇਲਾਜ ਕੀਤਾ ਗਿਆ ਹੈ ਅਤੇ ਲੋੜੀਂਦੀਆਂ ਦਵਾਈਆਂ ਦਿੱਤੀਆਂ ਗਈਆਂ ਹਨ।

ਸਿਵਲ ਸਰਜਨ ਨੇ ਦੱਸਿਆ ਕਿ ਮੱਖੂ ਖੇਤਰ ਦੇ ਹੜ੍ਹ ਨਾਲ ਪ੍ਰਭਾਵਿਤ ਲੋਕਾਂ ਦੀ ਸੇਵਾ ਲਈ ਇੱਕ ਵਿਸ਼ੇਸ਼ ਟੀਮ ਬਣਾਈ ਗਈ ਹੈ, ਜਿਸ ‘ਚ 5 ਡਾਕਟਰ ਅਤੇ 7 ਫਾਰਮਾਸਿਸਟ ਅਤੇ ਫਾਰਮੇਸੀ ਸਟਾਫ਼ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਇਹ ਮੋਬਾਈਲ ਟੀਮਾਂ ਕਿਸੇ ਵੀ ਤਰ੍ਹਾਂ ਦੇ ਐਮਰਜੈਂਸੀ ਕੇਸਾਂ ਨੂੰ ਸੰਭਾਲਣ ਲਈ 24 ਘੰਟੇ (ਦਿਨ-ਬਾਤ) ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਪ੍ਰਭਾਵਿਤ ਪਿੰਡਾਂ ਨੂੰ ਸੰਭਾਲਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀ ‘ਪੋਸਟ ਫਲੱਡ ਯੋਜਨਾ’ ‘ਚ ਸਿਹਤ ਵਿਭਾਗ ਦੀ ਅਹਿਮ ਭੂਮਿਕਾ ਹੈ ਅਤੇ ਇਸ ਯੋਜਨਾ ਵਿੱਚ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਪੂਰੀ ਤਨਦੇਹੀ ਨਾਲ ਕੰਮ ਕੀਤਾ ਜਾਵੇਗਾ।

End Ad