ਲੋਕਾਂ ਨੂੰ ਪਿੰਡਾਂ ‘ਚੋਂ ਕੱਢਣ ਲਈ ਮੋਟਰ ਬੋਟ ਰਾਹੀਂ ਚਲਾਇਆ ਬਚਾਅ ਕਾਰਜ

81
Start Ad

ਫ਼ਿਰੋਜ਼ਪੁਰ, 20 ਅਗਸਤ : ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨੇ ਸਾਂਝੇ ਤੋਰ ਤੇ ਪਿੰਡ ਨਿਹਾਲੇ ਵਾਲਾ ਦੇ ਹੜ੍ਹ ਨਾਲ ਪ੍ਰਭਾਵਿਤ ਇਲਾਕਿਆਂ ਵਿਚ ਫਸੇ ਲੋਕਾਂ ਨੂੰ ਬਚਾਉਣ ਲਈ ਵੱਡੇ ਪੱਧਰ ‘ਤੇ ਬਚਾਅ ਮੁਹਿੰਮ ਚਲਾਈ। ਜਿਵੇਂ ਹੀ ਪਿੰਡ ਵਿੱਚ ਹੜ੍ਹ ਵਰਗੇ ਹਾਲਾਤ ਸਾਹਮਣੇ ਆਏ, ਵਿਧਾਇਕ ਪਰਮਿੰਦਰ ਸਿੰਘ ਪਿੰਕੀ, ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ  ਚੰਦਰ ਗੈਂਦ ਅਤੇ ਐਸਐਸਪੀ ਵਿਵੇਕ ਐਸ ਸੋਨੀ ਐਨਡੀਆਰਐਫ ਅਤੇ ਫ਼ੌਜ ਦੀਆਂ ਟੀਮਾਂ ਨਾਲ ਮੌਕੇ ਤੇ ਪਹੁੰਚੇ ਅਤੇ ਤੁਰੰਤ ਹੀ ਪਾਣੀ ਵਿਚ ਫਸੇ ਲੋਕਾਂ ਦੀ ਜਾਨ ਬਚਾਉਣ ਲਈ ਇੱਕ ਵਿਸ਼ਾਲ ਬਚਾਅ ਅਭਿਆਨ ਚਲਾਇਆ ਗਿਆ।
ਪਹਿਲਾਂ ਤਾਂ ਡਿਪਟੀ ਕਮਿਸ਼ਨਰ ਇਸ ਪੂਰੇ ਬਚਾਅ ਕਾਰਜ ਦੀ ਖ਼ੁਦ ਨਿਗਰਾਨੀ ਕਰ ਰਹੇ ਸੀ, ਇਸ ਦੇ ਤੁਰੰਤ ਬਾਅਦ ਹੀ ਵਿਧਾਇਕ,  ਡਿਪਟੀ ਕਮਿਸ਼ਨਰ ਅਤੇ ਐਸਐਸਪੀ ਖ਼ੁਦ ਮੋਟਰ ਬੋਟ ਰਾਹੀਂ ਫਸੇ ਲੋਕਾਂ ਨੂੰ ਬਚਾਉਣ ਲਈ ਪਾਣੀ ਵਿੱਚ ਚਲੇ ਗਏ। ਇਸ ਸਾਂਝੇ ਅਭਿਆਨ ਦੀ ਸ਼ੁਰੂਆਤ ਲੋਕਾਂ ਦੀ ਜਾਨ ਬਚਾਉਣ ਅਤੇ ਇਹ ਯਕੀਨੀ ਬਣਾਉਣ ਲਈ ਕੀਤੀ ਗਈ ਸੀ ਕਿ ਕੋਈ ਜਾਨੀ ਨੁਕਸਾਨ ਨਾ ਹੋਵੇ। ਇਸ ਦੌਰਾਨ ਪੁਲਿਸ, ਨਹਿਰੀ ਅਤੇ ਸਿੰਚਾਈ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਐਨਡੀਆਰਐਫ ਅਤੇ ਫ਼ੌਜ ਦੇ ਅਧਿਕਾਰੀਆਂ ਨੂੰ ਬਚਾਅ ਕਾਰਜਾਂ ਲਈ ਹਰ ਤਰਾਂ ਦੀ ਸਹਾਇਤਾ ਪ੍ਰਦਾਨ ਕੀਤੀ ਗਈ।  ਇਸ ਦੌਰਾਨ ਇਹ ਵੀ ਯਕੀਨੀ ਬਣਾਇਆ ਗਿਆ ਕਿ ਜਿਨ੍ਹਾਂ ਲੋਕਾਂ ਨੂੰ ਰਾਹਤ ਕੈਂਪਾਂ ਵਿਚ ਭੇਜਿਆ ਗਿਆ ਹੈ ਕਿ ਉਨ੍ਹਾਂ ਨੂੰ ਖਾਣਾ, ਇਲਾਜ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਇਸ ਪੂਰੇ ਬਚਾਅ ਕਾਰਜ ਦੌਰਾਨ  ਡਿਪਟੀ ਕਮਿਸ਼ਨਰ ਅਤੇ ਐਸਐਸਪੀ ਮੌਕੇ ਤੇ ਮੌਜੂਦ ਰਹੇ।  ਪੂਰੇ ਬਚਾਅ ਅਭਿਆਨ ਦੀ ਅਗਵਾਈ ਐਨਡੀਆਰਐਫ ਬਠਿੰਡਾ ਦੇ ਇੰਸਪੈਕਟਰ ਅਨਿਲ ਯਾਦਵ, ਸਬ ਇੰਸਪੈਕਟਰ ਬਿਹਾਰੀ ਲਾਲ ਨੇ ਕੀਤੀ ਅਤੇ ਹੜ੍ਹ ਪ੍ਰਭਾਵਿਤ ਪਿੰਡ ਤੋਂ ਵੱਡੀ ਗਿਣਤੀ ਵਿਚ ਲੋਕਾਂ ਨੂੰ ਬਚਾਇਆ। ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਕਿਹਾ ਕਿ ਇਸ ਮੁਸ਼ਕਲ ਦੀ ਇਸ ਘੜੀ ਵਿਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਮਦਦ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ।

End Ad