ਸੋਨ ਤਗਮਾ ਜੇਤੂ ਭਾਰਤੀ ਮਹਿਲਾ ਪਹਿਲਵਾਨ ਦਾ ਕੀਤਾ ਭਰਵਾਂ ਸਵਾਗਤ

379
Start Ad

ਤਰਨਤਾਰਨ, 5 ਮਾਰਚ  (ਸੁਖਜੀਤ )। ਬਿਸ਼ਕੇਕ (ਕਿਰਗਿਸਤਾਨ) ਵਿਖੇ  ਹੋਈ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜੇਤੂ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਬਾਗੜੀਆ ਦੀ ਜੰਮਪਲ ਭਾਰਤੀ ਪਹਿਲਵਾਨ ਨਵਜੋਤ ਕੌਰ ਦਾ ਤਰਨਤਾਰਨ ਵਿਖੇ ਪੁੱਜਣ ‘ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ। ਕਿਸਾਨ ਸੁਖਚੈਨ ਸਿੰਘ ਦੀ ਇਸ ਧੀ ਨੇ 65 ਕਿੱਲੋਗ੍ਰਾਮ ਭਾਰ ਵਰਗ ‘ਚ ਆਪਣੀ ਵਿਰੋਧੀ ਪਹਿਲਵਾਨ ਜਪਾਨ ਦੀ ਮਾਇਯੂ ਇਮਾਈ ਨੂੰ 9-1 ਨਾਲ ਹਰਾ ਕੇ ਸੋਨ ਤਮਗਾ ਜਿੱਤਿਆ ਸੀ।
ਸੋਨ ਤਮਗਾ ਜਿੱਤਣ ਉਪਰੰਤ ਅੱਜ ਵਤਨ ਪਰਤਣ ‘ਤੇ ਤਰਨਤਾਰਨ ਵਿਖੇ ਵਧੀਕ ਡਿਪਟੀ ਕਮਿਸ਼ਨਰ (ਜਨਰਲ)  ਸੰਦੀਪ ਰਿਸ਼ੀ ਅਤੇ ਐਸ.ਡੀ.ਐਮ. ਤਰਨਤਾਰਨ ਡਾ. ਅਮਨਦੀਪ ਕੌਰ ਵੱਲੋਂ ਪਹਿਲਵਾਨ ਨਵਜੋਤ ਕੌਰ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ ਤੇ ਯਾਦਗਾਰੀ ਚਿੰਨ੍ਹ ਵੀ ਭੇਂਟ ਕੀਤਾ ਗਿਆ।   ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ  ਸਤਪਾਲ ਸਿੰਘ, ਕੋਚ ਅਸ਼ੋਕ ਕੁਮਾਰ, ਉਨ੍ਹਾਂ ਦੇ ਪਰਿਵਾਰਿਕ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਪ੍ਰਸ਼ੰਸਕ ਵੀ ਹਾਜ਼ਰ ਸਨ। ਇਸ ਮੌਕੇ ਸੰਬੋਧਨ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ  ਸੰਦੀਪ ਰਿਸ਼ੀ ਨੇ ਦੱਸਿਆ ਕਿ ਨਵਜੋਤ ਕੌਰ ਨੇ ਆਪਣੇ ਮਾਪਿਆਂ ਤੇ ਪਿੰਡ ਦਾ ਹੀ ਨਹੀਂ ਬਲਕਿ ਪੂਰੇ ਭਾਰਤ ਦਾ ਨਾਂਅ ਦੁਨੀਆਂ ਵਿੱਚ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਅਜੋਕੇ ਯੁੱਗ ਵਿੱਚ ਲੜਕੀਆਂ ਲੜਕਿਆਂ ਨਾਲੋਂ ਹਰ ਖੇਤਰ ਵਿੱਚ ਅੱਗੇ ਹਨ। ਉਨ੍ਹਾਂ ਕਿਹਾ ਕਿ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੀਆਂ ਧੀਆਂ ਨੂੰ ਹਰ ਖੇਤਰ ਵਿੱਚ ਵਧਣ ਲਈ ਪ੍ਰੇਰਿਤ ਕਰਨ ਤਾਂ ਜੋ ਉਹ ਆਪਣੀ ਯੋਗਤਾ ਸਿੱਧ ਕਰ ਸਕਣ। ਇਸ ਮੌਕੇ ਉਨ੍ਹਾਂ ਨਵਜੋਤ ਕੌਰ ਦੇ ਪਿਤਾ ਸੁਖਚੈਨ ਸਿੰਘ ਤੇ ਮਾਤਾ ਗਿਆਨ ਕੌਰ ਨੂੰ ਨਵਜੋਤ ਕੌਰ ਦੀ ਇਸ ਮਾਣਮੱਤੀ ਪ੍ਰਾਪਤੀ ‘ਤੇ ਵਧਾਈ ਦਿੱਤੀ ਅਤੇ ਕੋਚ ਅਸ਼ੋਕ ਕੁਮਾਰ ਨੂੰ ਵੀ ਸਨਮਾਨ ਚਿੰਨ੍ਹ ਭੇਂਟ ਕੀਤਾ

ਸੋਨ ਤਮਗਾ ਜਿੱਤਣ ਵਾਲੀ ਭਾਰਤ ਦੀ ਪਹਿਲੀ ਖਿਡਾਰਨ ਬਣੀ ਹੈ ਨਵਜੋਤ
ਸਰਹੱਦੀ ਜ਼ਿਲ੍ਹੇ ਦੇ ਪਿੰਡ ਬਾਗੜੀਆ ਦੀ ਜੰਮਪਲ ਨਵਜੋਤ ਕੌਰ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਸੋਨ ਤਮਗਾ ਹਾਸਿਲ ਕਰਨ ਵਾਲੀ ਭਾਰਤ ਦੀ ਪਹਿਲੀ ਮਹਿਲਾ ਖਿਡਾਰੀ ਬਣੀ ਹੈ। ਏਡੀਸੀ ਸੰਦੀਪ ਰਿਸੀ ਨੇ ਕਿਹਾ ਕਿ ਨਵਜੋਤ ਕੌਰ ਦੀ ਇਹ ਪ੍ਰਾਪਤੀ ਸਮੁੱਚੇ ਦੇਸ਼ ਦੇ ਨਾਲ-ਨਾਲ ਜ਼ਿਲ੍ਹਾ ਤਰਨਤਾਰਨ ਦੇ ਨੌਜਵਾਨ ਲੜਕੀਆਂ ਤੇ ਲੜਕਿਆਂ ਲਈ ਪ੍ਰੇਰਣਾ ਸ੍ਰੋਤ ਬਣੇਗੀ

End Ad